
20 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦਾ ਘਿਰਾਉ ਕਰਾਂਗੇ : ਸੁਖਬੀਰ
ਲਹਿਰਾਗਾਗਾ, 12 ਮਾਰਚ (ਖੁਸ਼ਵਿੰਦਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ 20 ਮਾਰਚ ਨੂੰ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਦਾ ਘਿਰਾਉ ਕਰੇਗਾ ਤਾਂ ਜੋ ਲੋਕਾਂ ਨੂੰ ਗੁਮਰਾਹ ਕਰ ਕੇ ਸੱਤਾ ਵਿਚ ਆਈ ਕਾਂਗਰਸ ਨੂੰ ਸਬਕ ਸਿਖਾਇਆ ਜਾ ਸਕੇ। ਗਠਜੋੜ ਇਸ ਬਜਟ ਵਿਚ ਕੈਪਟਨ ਸਰਕਾਰ ਨੂੰ ਟੈਕਸ ਲਾ ਕੇ ਲੋਕਾਂ ਨੂੰ ਹੋਰ ਲੁੱਟਣ ਦੀਆਂ ਸਾਜ਼ਸ਼ਾਂ ਨੂੰ ਕਦਾਚਤ ਬਰਦਾਸ਼ਤ ਨਹੀਂ ਕਰੇਗਾ।ਸ. ਬਾਦਲ ਇਥੇ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁਧ ਪੋਲ ਖੋਲ੍ਹ ਰੈਲੀਆਂ ਦੀ ਲੜੀ ਵਜੋਂ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦੌਰਾਨ ਲੋਕਾਂ ਦੇ ਹੋਏ ਭਾਰੀ ਇਕੱਠ ਤੋਂ ਖ਼ੁਸ਼ ਹੋਏ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਭਾਰੀ ਇਕੱਠ ਪਰਮਿੰਦਰ ਸਿੰਘ ਢੀਂਡਸਾ ਵਲੋਂ ਬਤੌਰ ਵਿੱਤ ਮੰਤਰੀ ਕਰਵਾਏ ਆਲਾ ਦਰਜੇ ਦੇ ਵਿਕਾਸ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਹੈ। ਬੀਬੀ ਰਾਜਿੰਦਰ ਕੌਰ ਭੱਠਲ 'ਤੇ ਵਰ੍ਹਦਿਆਂ ਸ. ਬਾਦਲ ਨੇ ਕਿਹਾ ਕਿ ਇਸ ਇਲਾਕੇ ਅੰਦਰ 20 ਸਾਲਾਂ ਅੰਦਰ 50 ਲੱਖ ਰੁਪਏ ਦੇ ਵਿਕਾਸ ਵੀ ਨਹੀਂ ਕਰਵਾ ਸਕੀ, ਜਦਕਿ ਪਰਮਿੰਦਰ ਸਿੰਘ ਢੀਂਡਸਾ ਨੇ ਮਹਿਜ ਸਮੇਂ ਦੌਰਾਨ ਹੀ ਇਸ ਇਲਾਕੇ ਦੇ ਵਿਕਾਸ ਉਪਰ ਕਰੀਬ 350 ਕਰੋੜ ਰੁਪਏ ਖ਼ਰਚ ਕਰ ਕੇ ਇਲਾਕੇ ਦੀ ਨੁਹਾਰ ਬਦਲੀ।
ਕੈਪਟਨ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹੀ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਤੋਂ ਲੋਕਾਂ ਦਾ ਮੋਹ ਇਕ ਸਾਲ ਵਿਚ ਹੀ ਭੰਗ ਹੋ ਗਿਆ ਹੋਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਕਿ ਸਰਕਾਰ ਬਣਨ 'ਤੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ, ਨੌਕਰੀਆਂ ਦੇਵਾਂਗੇ, ਸਮਾਰਟਫ਼ੋਨ ਦੇਵਾਂਗੇ, ਪਛੜੇ ਵਰਗਾਂ ਨੂੰ ਸਹੂਲਤਾਂ ਦੇਵਾਂਗੇ ਪਰ ਕੈਪਟਨ ਸਰਕਾਰ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਉਨ੍ਹਾਂ ਸਟੇਜ ਉਪਰੋਂ ਅਖ਼ਬਾਰ ਲਹਿਰਾਅ ਕੇ ਕਿਹਾ ਕਿ ਕੈਪਟਨ ਦਾ ਪੰਜਾਬ ਵਿਚ 160000 ਨੌਕਰੀਆਂ ਦੇਣ ਦਾ ਦਾਅਵਾ ਸੱਭ ਤੋਂ ਵੱਡਾ ਝੂਠ ਹੈ। ਇਸ ਮੁਤਾਬਕ ਹਰ ਪਿੰਡ ਵਿਚ 16 ਨੌਕਰੀਆਂ ਆਉਣੀਆਂ ਚਾਹੀਦੀਆਂ ਹਨ। ਉਨ੍ਹਾਂ ਲੁਧਿਆਣਾ ਵਿਖੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਕੈਪਟਨ ਦੇ ਐਲਾਨ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਉਥੇ ਨੌਜਵਾਨਾਂ ਦੀ ਗਿਣਤੀ ਵਧਾਉਣ ਲਈ ਉਨ੍ਹਾਂ ਨੌਜਵਾਨਾਂ ਨੂੰ ਵੀ ਸੱਦਿਆ ਗਿਆ ਜਿਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਨੌਕਰੀਆਂ ਮਿਲੀਆਂ ਸਨ।ਉਨ੍ਹਾਂ ਕੈਪਟਨ ਦੀ ਕਰਜ਼ਾ ਮਾਫ਼ੀ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਨੂੰ ਦਿਤੀਆਂ ਜਾ ਰਹੀਆਂ ਰਿਆਇਤਾਂ ਹੀ ਬੰਦ ਕਰ ਰਹੀ ਹੈ। ਕਾਂਗਰਸ ਦੇ ਸੱਤਾ ਸੰਭਾਲਣ ਤੋਂ ਬਾਅਦ ਕਰੀਬ 400 ਕਿਸਾਨਾਂ ਨੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ, ਜੋ ਕਾਂਗਰਸ ਦੀ ਕਰਜ਼ਾ ਮਾਫ਼ੀ ਉਤੇ ਸਵਾਲੀਆਂ ਚਿੰਨ੍ਹ ਹੈ। ਸ. ਸੁਖਦੇਵ ਸਿੰਘ ਢੀਂਡਸਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ
ਦੇ ਚੁਣੇ ਨੁਮਾਇਦਿਆਂ ਉਪਰ ਧੱਕੇਸ਼ਾਹੀ ਕਰ ਕੇ ਪਾਰਟੀ ਨਾਲ ਜੁੜਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਲਹਿਰਾ ਹਲਕੇ ਦੇ ਕਈ ਸਰਪੰਚਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਕਾਂਗਰਸੀ ਆਗੂਆਂ ਦੇ ਦਬਾਅ ਹੇਠ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਦੇ ਕਤਲ ਮਾਮਲੇ ਵਿਚ ਸ਼ਾਮਲ ਕਾਂਗਰਸੀਆਂ ਨੂੰ ਅਜੇ ਤਕ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ। ਸਗੋਂ ਉਨ੍ਹਾਂ ਵਿਚੋਂ ਤਿੰਨ ਕਾਂਗਰਸੀਆਂ ਨੂੰ ਮਾਮਲੇ ਵਿਚੋਂ ਹੀ ਬਾਹਰ ਕਰ ਦਿਤਾ ਗਿਆ ਹੈ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਕਾਂਗਰਸ ਦੀਆਂ ਵਧੀਕੀਆਂ ਦਾ ਮੂੰਹ ਤੋੜਵਾਂ ਜਵਾਬ ਦੇਵੇਗਾ। ਰੈਲੀ ਦੌਰਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਵਲੋਂ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ ਤਾਂ ਸੰਭਾਲ ਲਈ ਪਰ ਹੁਣ ਇਹ ਝੂਠੇ ਵਾਅਦੇ ਹੀ ਸੂਬੇ ਵਿਚ ਕਾਂਗਰਸ ਮੁਕਤ ਪੰਜਾਬ ਬਣਨ ਦਾ ਰਾਹ ਸਾਬਤ ਹੋਣਗੇ।