
ਗੁਰਦਾਸਪੁਰ, 5 ਫ਼ਰਵਰੀ (ਹੇਮੰਤ ਨੰਦਾ) : ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪਾਕਿਸਤਾਨ ਨਾਲ ਨਜਿੱਠਣ ਵਿਚ ਨਾਕਾਮਯਾਬ ਸਿੱਧ ਹੋਈ ਹੈ। ਜਾਖੜ ਨੇ ਦਸਿਆ ਕਿ ਅੱਜ ਉਹ ਲੋਕ ਸਭਾ ਵਿਚ ਸਿਫ਼ਰ ਕਾਲ ਦੌਰਾਨ ਅੰਤਰਰਾਸ਼ਟਰੀ ਸਰਹੱਦ 'ਤੇ ਲਗਾਤਾਰ ਹੋ ਰਹੀ ਗੋਲਾਬਾਰੀ ਕਾਰਨ ਫ਼ੌਜੀਆਂ ਦੀ ਸ਼ਹਾਦਤ ਦਾ ਮੁੱਦਾ ਉਠਾਉਣ ਵਾਲੇ ਸਨ ਪਰ ਇਕ ਸੰਸਦ ਮੈਂਬਰ ਦੇ ਅਕਾਲ ਚਲਾਣੇ ਕਾਰਨ ਅੱਜ ਲੋਕ ਸਭਾ ਪੂਰੇ ਦਿਨ ਲਈ ਉਠਾ ਦਿਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਵੀ ਗੋਲਾਬਾਰੀ ਅਤੇ ਪਾਕਿਸਤਾਨ ਨਾਲ ਵੱਧ ਰਹੇ ਤਣਾਅ ਬਾਰੇ ਚਰਚਾ ਕੀਤੀ। ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚਿੰਤਾ ਦਾ
ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਾਂਝੇ ਤੌਰ 'ਤੇ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਉਠਾਏਗੀ ਤਾਕਿ ਮੋਦੀ ਸਰਕਾਰ ਨੂੰ ਇਸ ਸਬੰਧੀ ਯੋਗ ਫ਼ੈਸਲਾ ਕਰਨ ਲਈ ਮਜਬੂਰ ਕੀਤਾ ਜਾ ਸਕੇ। ਜਾਖੜ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦੇ ਪੁਨਰਗਠਨ ਸਬੰਧੀ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਲੋਕ ਬੇਸਬਰੀ ਨਾਲ 2019 ਦੀਆਂ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ ਤਾਕਿ ਇਸ ਗ਼ਰੀਬ ਅਤੇ ਕਿਸਾਨ ਵਿਰੋਧੀ ਸਰਕਾਰ ਨੂੰ ਸੱਤਾ ਵਿਚੋਂ ਬਾਹਰ ਕਰ ਸਕਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਵਿਚ ਨਾਕਾਮ ਸਿੱਧ ਹੋ ਰਹੀ ਹੈ ਅਤੇ ਕੇਂਦਰ ਸਰਕਾਰ ਦੀ ਢਿੱਲ ਕਾਰਨ ਹੀ ਪਾਕਿਸਤਾਨ ਦੇ ਹੌਸਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਸ਼ਹੀਦ ਹੋਣ ਵਾਲੇ ਜਵਾਨਾਂ ਵਿਚ ਬਹੁਤ ਸਾਰੇ ਪੰਜਾਬ ਤੋਂ ਹਨ।