
ਸੁਨਾਮ ਊਧਮ ਸਿੰਘ
ਵਾਲਾ, 3 ਸਤੰਬਰ (ਦਰਸ਼ਨ ਸਿੰਘ ਚੌਹਾਨ) : ਪੁਲਿਸ ਨੇ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ
ਨੂੰ ਬਲਾਤਕਾਰ ਦੇ ਦੋ ਕੇਸਾਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜਨਤਕ ਜਾਇਦਾਦਾਂ ਦੀ
ਸਾੜਫੂਕ ਕਰਨ ਵਾਲੇ 17 ਡੇਰਾ ਪ੍ਰੇਮੀਆਂ ਨੂੰ 9 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰਨ ਦਾ
ਦਾਅਵਾ ਕੀਤਾ ਹੈ। ਪੁਲਿਸ ਨੇ ਡੇਰੇ ਦੀ 45 ਮੈਂਬਰੀ ਕਮੇਟੀ ਦੇ ਕਈ ਮੈਂਬਰਾਂ ਵਿਰੁਧ ਵੀ
ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿਤੀ ਹੈ।
ਸਥਾਨਕ ਉਪ ਪੁਲਿਸ ਕਪਤਾਨ ਵਿਲੀਅਮ ਜੇਜੀ
ਨੇ ਇਥੇ ਸੱਦੀ ਪ੍ਰੈੱਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿੰਆਂ ਦਸਿਆ ਕਿ
25 ਅਗੱਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਦੋ ਕੇਸਾਂ
ਵਿਚ ਸੀ.ਬੀ.ਆਈ. ਦੀ ਪੰਚਕੁਲਾ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਕਸਬਾ
ਲੌਂਗੋਵਾਲ, ਚੀਮਾ, ਨਮੋਲ ਅਤੇ ਉੱਭਾਵਾਲ ਵਿਖੇ ਜਨਤਕ ਜਾਇਦਾਦ ਨੂੰ ਅੱਗ ਲਾ ਕੇ ਨੁਕਸਾਨ
ਪਹੁੰਚਾਉਣ ਵਾਲੇ ਡੇਰਾ ਪ੍ਰੇਮੀਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਕਰ ਕੇ 17 ਜਣਿਆਂ
ਨੂੰ 9 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਕਤ
ਮੁਕੱਦਮਿਆਂ ਵਿਚ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ
ਹੈ ਜਿਨ੍ਹਾਂ ਨੇ ਇਸ ਇਲਾਕੇ ਅੰਦਰ ਮੀਟਿੰਗਾਂ ਕਰ ਕੇ ਡੇਰਾ ਮੁਖੀ ਵਿਰੁਧ ਫ਼ੈਸਲਾ ਆਉਣ ਤੋਂ
ਬਾਅਦ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਇਆ ਸੀ ਲੇਕਿਨ ਉਨ੍ਹਾਂ ਦੀ
ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਡੀ.ਐਸ.ਪੀ. ਨੇ ਦਸਿਆ ਕਿ ਕਾਬੂ ਕੀਤੇ ਡੇਰਾ ਪ੍ਰੇਮੀਆਂ
ਨੇ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਚੀਮਾ ਮੰਡੀ ਵਿਖੇ ਸੇਵਾ ਕੇਂਦਰ ਅਤੇ
ਉੱਭਾਵਾਲ ਦੇ ਪਾਵਰਕਾਮ ਦਫ਼ਤਰ ਨੂੰ ਅੱਗ ਲਗਾਈ ਸੀ ਅਤੇ ਨਮੋਲ ਵਿਖੇ ਸੇਲਜ਼ਮੈਨ ਦੀਆਂ ਅੱਖਾਂ
ਵਿਚ ਮਿਰਚਾਂ ਪਾ ਕੇ ਪਟਰੌਲ ਪੰਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਉਕਤ ਡੇਰਾ
ਪ੍ਰੇਮੀਆਂ ਨੇ ਇਕ ਡਿਊਟੀ ਮੈਜਿਸਟਰੇਟ ਦੀ ਗੱਡੀ ਵੀ ਘੇਰੀ ਸੀ।
ਉਨ੍ਹਾਂ ਕਿਹਾ ਕਿ ਉਕਤ
ਵਾਰਦਾਤਾਂ ਵਿਚ ਸ਼ਾਮਲ ਡੇਰਾ ਪ੍ਰੇਮੀਆਂ ਦੇ ਵਿਰੁਧ ਥਾਣਾ ਲੋਂਗੋਵਾਲ ਅਤੇ ਚੀਮਾ ਵਿਖੇ 32
ਜਣਿਆਂ ਵਿਰੁਧ ਮਾਮਲੇ ਦਰਜ ਦੋਸ਼ੀਆਂ ਦੀ ਵੱਡੇ ਪੱਧਰ 'ਤੇ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਪੁਲਿਸ ਨੇ ਹੁਣ ਤੱਕ ਪੁਨੀਤ ਕੁਮਾਰ, ਸਤਗੁਰ ਸਿੰਘ, ਰਾਜਨ ਸਿੰਘ, ਲਛਮਣ
ਸਿੰਘ, ਬਬਰਾ ਸਿੰਘ, ਹਰਮੇਸ਼ ਸਿੰਘ, ਗੁਰਤੇਜ ਸਿੰਘ ਸਾਰੇ ਵਾਸੀਆਨ ਸ਼ੇਰੋਂ ਅਤੇ ਜਸਪਾਲ
ਸਿੰਘ, ਹਰਪਾਲ ਸਿੰਘ, ਹਰਬੰਸ ਸਿੰਘ ਵਾਸੀ ਉਭਾਵਾਲ, ਲਖਵੀਰ ਸਿੰਘ, ਕਰਮਜੀਤ ਸਿੰਘ, ਲਾਭ
ਸਿੰਘ, ਨਿਰਭੈ ਸਿੰਘ, ਗੁਰਸੇਵਕ ਸਿੰਘ, ਬੱਗਾ ਸਿੰਘ, ਅਮਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ
ਲਿਆ ਹੈ। ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉੁਨ੍ਹਾਂ ਦਸਿਆ ਕਿ ਕਾਬੂ
ਕੀਤੇ ਗਏ ਵਿਅਕਤੀਆਂ ਕੋਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਸਮੇਂ ਵਰਤੇ 9 ਮੋਟਰਸਾਈਕਲਾਂ
ਤੋਂ ਇਲਾਵਾ ਅਗਜਨੀ ਲਈ ਵਰਤਿਆ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ
ਬਾਕੀਆਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।