
ਚੰਡੀਗੜ੍ਹ, 17 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਿਸਾਨ ਵਿਰੋਧੀ ਚਿਹਰਾ ਵਿਖਾਉਣ ਤੋਂ ਬਾਅਦ ਹੁਣ ਸ਼ਹਿਰਾਂ ਅਤੇ ਕਸਬਿਆਂ ਅੰਦਰ ਵਿਕਾਸ ਟੈਕਸ ਵਿਚ ਵਾਧਾ ਕਰ ਕੇ ਅਤੇ ਨਵੇਂ ਮਿਉਂਸੀਪਲ ਟੈਕਸ ਲਗਾ ਕੇ ਕਾਂਗਰਸ ਸਰਕਾਰ ਨੇ ਅਪਣਾ ਸ਼ਹਿਰ ਵਿਰੋਧੀ ਚਿਹਰਾ ਵੀ ਸਾਰਿਆਂ ਨੂੰ ਵਿਖਾ ਦਿਤਾ ਹੈ।
ਪ੍ਰੈਸ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਬੁਲਾਰੇ ਐਨ.ਕੇ. ਸ਼ਰਮਾ ਨੇ ਸ਼ਹਿਰੀਆਂ ਉਤੇ ਲਾਏ ਨਵੇਂ ਟੈਕਸਾਂ ਨੂੰ 'ਦੀਵਾਲੀ ਦਾ ਤੋਹਫ਼ਾ' ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਆਮ ਆਦਮੀ ਨੂੰ ਸੱਟ ਵੱਜੇਗੀ ਅਤੇ ਉਸ ਦੀ ਆਰਥਿਕਤਾ 'ਤੇ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਨਾ ਸਿਰਫ਼ ਨਗਰ ਕੌਂਸਲਾਂ ਦੀ ਹੱਦਬੰਦੀ ਅੰਦਰ ਰਹਿੰਦੇ ਆਮ ਲੋਕਾਂ ਉੱਤੇ ਬਿਜਲੀ ਬਿਲਾਂ ਦਾ 2 ਫ਼ੀ ਸਦ ਟੈਕਸ ਲਗਾ ਕੇ ਨਵਾਂ ਬੋਝ ਪਾ ਦਿਤਾ ਗਿਆ ਹੈ, ਸਗੋਂ ਬਾਹਰੀ ਵਿਕਾਸ ਕਰ, ਸੜਕ ਕੱਢਣ ਦਾ ਟੈਕਸ ਸਮੇਤ ਨਗਰ ਕੌਂਸਲਾਂ ਦੁਆਰਾ ਦਿਤੀਆਂ ਜਾ ਰਹੀਆਂ ਬਾਕੀ ਸਹੂਲਤਾਂ ਉੱਤੇ ਵੀ ਟੈਕਸਾਂ ਵਿਚ ਵਾਧਾ ਕਰ ਦਿਤਾ ਗਿਆ ਹੈ।
ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਕਾਸ ਮਾਡਲ 'ਤੇ ਸਵਾਲ ਚੁਕਦਿਆਂ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸਿੱਧੂ ਲੋਕਾਂ ਨੂੰ ਦੱਸੇ ਕਿ ਪਿਛਲੇ 7 ਮਹੀਨਿਆਂ ਵਿਚ ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਲਈ ਉਹ ਇਕ ਵੀ ਪ੍ਰਾਜੈਕਟ ਕਿਉਂ ਨਹੀਂ ਲੈ ਕੇ ਆਇਆ। (ਬਾਕੀ ਸਫ਼ਾ 13 'ਤੇ)ਉਨ੍ਹਾਂ ਕਿਹਾ ਕਿ ਜੇ ਤੁਸੀਂ ਮੰਤਰੀ ਵਜੋਂ ਅਪਣੇ ਫ਼ਰਜ਼ ਨਿਭਾਉਣ ਵਿਚ ਨਾਕਾਮ ਹੁੰਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਅਪਣਾ ਗੁੱਸਾ ਆਮ ਲੋਕਾਂ ਉੱਤੇ ਵਾਧੂ ਟੈਕਸ ਲਾ ਕੇ ਕੱਢੋ। ਜੇ ਤੁਸੀਂ ਕਾਰਗੁਜ਼ਾਰੀ ਨਹੀਂ ਵਿਖਾ ਸਕਦੇ ਤਾਂ ਇਹ ਅਹੁਦਾ ਛੱਡ ਕੇ ਦੁਬਾਰਾ ਕਾਮੇਡੀ ਸ਼ੋਅ ਕਰਨਾ ਸ਼ੁਰੂ ਕਰ ਦਿਉ। ਸ੍ਰੀ ਸ਼ਰਮਾ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਬਜਟ ਪੇਸ਼ ਕਰਦੇ ਸਮੇਂ ਉਨ੍ਹਾਂ ਨੇ ਸ਼ਹਿਰ ਵਿਰੋਧੀ ਪ੍ਰਸਤਾਵਾਂ ਨੂੰ ਲੁਕਾ ਕੇ ਕਿਉਂ ਰੱਖਿਆ ਸੀ?