
ਚੰਡੀਗੜ੍ਹ, 9 ਮਾਰਚ (ਨੀਲ ਭਲਿੰਦਰ ਸਿੰਘ) : ਹਰ ਸਾਹ ਨਾਲ ਨਵਾਂ ਬਿਆਨ ਦਾਗਣ ਲਈ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ 'ਤੇ ਤੰਜ ਕਸਦਿਆਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਅੱਜ ਉਨ੍ਹਾਂ ਨੂੰ ਸਲਾਹ ਦਿਤੀ ਕਿ ਉਹ ਸਰਕਾਰ ਦੇ ਕੰਮ-ਕਾਜ 'ਤੇ ਟਿੱਪਣੀਆਂ ਦੇਣ ਤੋਂ ਪਹਿਲਾਂ ਆਪਣਾ ਘਰ ਭਾਵ ਆਪਣੀ ਪਾਰਟੀ ਨੂੰ ਸਾਂਭਣ। ਇਥੇ ਜਾਰੀ ਇਕ ਬਿਆਨ ਵਿਚ ਕਾਂਗਰਸੀ ਨੇਤਾਵਾਂ ਨੇ ਕਿਹਾ, ''ਹੁਣ ਜਦੋਂ ਕਿ ਖਹਿਰਾ ਨੂੰ ਆਪਣੀ ਪਾਰਟੀ ਦੇ ਪਤਨ ਬਾਰੇ ਆਤਮ-ਨਿਰੀਖਣ ਕਰਨਾ ਚਾਹੀਦਾ ਹੈ ਉਹ ਇੱਧਰ-ਉÎੱਧਰ ਹੱਥ ਮਾਰਦੇ ਫਿਰ ਰਹੇ ਹਨ ਅਤੇ ਇਸ ਤੱਥ ਦੀ ਉਨ੍ਹਾਂ ਦੇ ਪਾਰਟੀ ਦੀ ਆਗੂ ਮਨੀਸ਼ ਸਿਸੋਦੀਆ ਵਲੋਂ ਵੀ ਪੁਸ਼ਟੀ ਕੀਤੀ ਗਈ ਹੈ''।ਕਾਂਗਰਸ ਦੇ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਰਮਨਜੀਤ ਸਿੰਘ ਸਿੱਕੀ ਅਤੇ ਬਾਵਾ ਹੈਨਰੀ ਨੇ ਕਿਹਾ ਕਿ ਹਾਲ ਹੀ ਵਿਚ ਮਨੀਸ਼ ਸਿਸੋਦੀਆ ਨੇ ਅਪਣੀ ਸੂਬੇ ਦੀ ਲੀਡਰਸ਼ਿਪ ਨੂੰ ਬੇਸਿਰ-ਪੈਰ ਦੀਆਂ ਦਲੀਲਾਂ ਅਤੇ ਬਿਆਨ ਦੇਣ ਦੀ ਥਾਂ ਜ਼ਮੀਨੀ ਪੱਧਰ 'ਤੇ ਕੰਮ ਕਰਨ ਲਈ ਕਿਹਾ ਸੀ ਅਤੇ ਉਨ੍ਹਾਂ ਦਾ ਇਹ ਇਸ਼ਾਰਾ ਸਿੱਧੇ ਤੌਰ 'ਤੇ ਖਹਿਰਾ ਵੱਲ ਸੀ। ਖਹਿਰਾ ਅਸਲ ਵਿਚ ਹੁਣ ਅਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਖਹਿਰਾ ਵਲੋਂ ਸਰਕਾਰ ਦੇ ਹਰ ਕੰਮ ਵਿਚ ਨੁਕਸ ਕੱਢਣ ਵਿਚ ਰੁੱਝੇ ਰਹਿਣ ਦੀ ਨਿੰਦਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵਲੋਂ ਗ਼ੈਰ ਕਾਨੂੰਨੀ ਰੇਤ ਦੀ ਖੁਦਾਈ ਨੂੰ ਰੋਕਣ ਲਈ ਚੁੱਕੇ ਗਏ ਦਲੇਰ ਕਦਮਾਂ ਦੀ ਸ਼ਲਾਘਾ ਕਰਨ ਦੀ ਬਜਾਏ ਖਹਿਰਾ ਅਪਣੀ ਆਦਤ ਤੋਂ ਮਜ਼ਬੂਰ ਨੁਕਤਾਚੀਨੀ ਤੱਕ ਹੀ ਸਿਮਟ ਕੇ ਰਹਿ ਗਏ। ਕਾਂਗਰਸੀ ਨੇਤਾਵਾਂ ਨੇ ਖਹਿਰਾ ਨੂੰ ਯਾਦ ਕਰਵਾਇਆ ਕਿ ਨਾ ਸਿਰਫ ਸਰਕਾਰ ਨੇ ਰੇਤਾ ਦੀ ਨਜਾਇਜ਼ ਖੁਦਾਈ ਦੇ ਵਿਰੁਧ ਸਖ਼ਤੀ ਨਾਲ ਕੰਮ ਕੀਤਾ ਹੈ ਸਗੋਂ ਸਰਕਾਰ ਨੇ ਰੇਤਾ ਦੀ ਖੁਦਾਈ ਤੋਂ ਇਕੱਠੇ ਕੀਤੇ ਜਾਣ ਵਾਲੇ ਮਾਲੀਏ ਨੂੰ 40 ਕਰੋੜ ਰੁਪਏ ਤੋਂ ਵਧਾ ਕੇ 1000 ਕਰੋੜ ਰੁਪਏ ਤਕ ਕਰ ਦਿਤਾ ਹੈ। ਉਨ੍ਹਾਂ ਕਿਹਾ, ''ਪਰ ਖਹਿਰਾ ਆਪਣੇ ਖੁਦ ਦੇ ਏਜੰਡੇ ਅਤੇ ਹਿਤਾਂ ਕਾਰਨ ਅਸਲੀਅਤ ਨੂੰ ਦੇਖ ਨਹੀਂ ਪਾ ਰਹੇ ਹਨ''।ਵਿਧਾਇਕਾਂ ਨੇ ਖਹਿਰਾਂ ਦੇ ਇਨ੍ਹਾਂ ਦੋਸ਼ਾਂ ਕਿ ਕਾਂਗਰਸ ਸਰਕਾਰ ਦੀ ਅਕਾਲੀਆਂ ਨਾਲ ਸਹਿਮਤੀ ਹੈ, ਨੂੰ ਹਾਸੋਹੀਣਾ ਕਰਾਰ ਦਿੰਦਿਆਂ ਖਹਿਰਾ ਨੂੰ ਯਾਦ ਕਰਵਾਇਆ ਕਿ ਉਹ ਖੁਦ ਇਹ ਕਿਹਾ ਕਰਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮਾਮਲੇ ਸਿਆਸੀ ਬਦਲਾਖੋਰੀ ਸਦਕਾ ਦਰਜ ਕੀਤੇ ਗਏ ਹਨ ਜੋ ਅਦਾਲਤ ਵਿਚ ਟਿਕ ਨਹੀਂ ਪਾਉਣਗੇ।ਕਾਂਗਰਸੀ ਆਗੂਆਂ ਨੇ ਕਿਹਾ ਕਿ ਲੱਗਦਾ ਹੈ ਕਿ ਪਾਰਟੀ ਅਤੇ ਵਫਾਦਾਰੀ ਬਦਲਣ ਤੋਂ ਬਾਅਦ ਖਹਿਰਾ ਦੇ ਤੱਥ ਅਤੇ ਰਾਏ ਵੀ ਬਦਲ ਗਈ ਹੈ।