
ਪਟਿਆਲਾ, 28 ਅਕਤੂਬਰ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਲਗਾਤਾਰ ਚਿੰਤਾਜਨਕ ਬਣਦੀ ਜਾ ਰਹੀ ਹੈ ਜਿਸ ਕਾਰਨ ਸੂਬੇ ਅੰਦਰ ਅਪਰਾਧ ਦਰ ਲਗਾਤਾਰ ਵਧਦੀ ਜਾ ਰਹੀ ਹੈ। ਜੇਕਰ ਇਸ ਸਮੱਸਿਆ ਦੇ ਮਨੋਵਿਗਿਆਨਕ ਪਹਿਲੂਆਂ ਨੂੰ ਮੁੱਖ ਰੱਖ ਕੇ ਇਸ ਦੀ ਡੂੰਘੀ ਛਾਣਬੀਣ ਅਤੇ ਜਾਂਚ ਪੜਤਾਲ ਕੀਤੀ ਜਾਵੇ ਤਾਂ ਅੰਕੜੇ ਹੈਰਾਨਕੁਨ ਹੋਣਗੇ।ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਸਾਲ 2013 ਵਿਚ ਪੰਜਾਬ ਦੀ ਅਪਰਾਧ ਦਰ ਸਿਰਫ਼ 132.17 ਫ਼ੀ ਸਦੀ ਸੀ ਜਦਕਿ ਅਪਰਾਧ ਦਾ ਕੌਮੀ ਅੰਕੜਾ 218.6 ਫ਼ੀ ਸਦੀ ਸੀ। ਪੰਜਾਬ ਵਿਚ ਸੱਭ ਤੋਂ ਵੱਧ ਅਪਰਾਧ ਦੀਆਂ ਘਟਨਾਵਾਂ ਲੁਧਿਆਣਾ ਜ਼ਿਲ੍ਹੇ ਵਿਚ ਜਦਕਿ ਸੱਭ ਤੋਂ ਘੱਟ ਮਾਨਸਾ ਜ਼ਿਲ੍ਹੇ ਵਿਚ ਵਾਪਰਦੀਆਂ ਹਨ। ਜੇਕਰ ਪੰਜਾਬ ਵਿਚ ਵਾਪਰਦੀਆਂ ਸਮੁੱਚੀਆਂ ਘਟਨਾਵਾਂ ਦੀਆਂ ਦਰਾਂ ਦੀਆਂ ਕੌਮੀ ਅਪਰਾਧ ਦਰਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਸੂਬੇ ਅੰਦਰ ਵਾਪਰਦੇ ਸਮੁੱਚੇ ਅਪਰਾਧਾਂ ਵਿਚ ਪੰਜਾਬ ਦਾ ਨੰਬਰ 18ਵਾਂ ਹੈ। ਕਤਲਾਂ ਵਿਚ ਪੰਜਾਬ 16ਵੇਂ ਨੰਬਰ
'ਤੇ, ਬਲਾਤਕਾਰਾਂ ਵਿਚ 17ਵੇਂ, ਲੁੱਟਾਂ-ਖੋਹਾਂ ਵਿਚ 18ਵੇਂ, ਚੋਰੀਆਂ ਵਿਚ 17ਵੇਂ, ਡਕੈਤੀਆਂ ਵਿਚ 20ਵੇਂ, ਅਗ਼ਵਾ ਘਟਨਾਵਾਂ ਵਿਚ 16ਵੇਂ ਜਦਕਿ ਦੰਗੇ ਫਸਾਦਾਂ ਦੇ ਮਾਮਲੇ ਵਿਚ ਪੰਜਾਬ ਦਾ ਨੰਬਰ 33ਵਾਂ ਹੈ। ਸੰਨ 2013 ਵਿਚ ਪੰਜਾਬ ਅੰਦਰ ਹਿੰਸਾ ਦੀਆਂ 3014 ਘਟਨਾਵਾਂ ਵਾਪਰੀਆਂ, 711 ਕਤਲ, 888 ਬਲਾਤਕਾਰ, 141 ਲੁੱਟਾਂ-ਖੋਹਾਂ, ਅਗ਼ਵਾ ਦੀਆਂ ਘਟਨਾਵਾਂ 1274 ਅਤੇ ਦੰਗੇ ਫਸਾਦ ਦੇ ਮਾਮਲੇ ਵਿਚ ਸੂਬਾ ਬਿਲਕੁਲ ਕੋਰਾ ਰਿਹਾ।
ਇਸੇ ਤਰ੍ਹਾਂ ਸੂਬੇ ਅੰਦਰ ਚੱਲ ਅਚੱਲ ਜਾਇਦਾਦਾਂ ਨਾਲ ਸਬੰਧਤ ਕੁੱਲ 7657 ਹਾਦਸੇ ਵਾਪਰੇ ਜਿਸ ਦੌਰਾਨ 4885 ਚੋਰੀਆਂ, 18 ਡਕੈਤੀਆਂ, 2707 ਧੋਖਾਧੜੀਆਂ ਦੇ ਹਾਦਸੇ ਵਾਪਰੇ। ਇਸ ਤਰ੍ਹਾਂ 2013 ਵਿਚ ਸੂਬੇ ਅੰਦਰ ਵਾਪਰਨ ਵਾਲੇ ਕੁੱਲ ਅਪਰਾਧਾਂ ਦੀ ਗਿਣਤੀ 36667 ਬਣਦੀ ਹੈ ਜਿਸ ਦੀ ਅੰਕੜਿਆਂ ਮੁਤਾਬਕ ਦਰ 132.17 ਬਣਦੀ ਹੈ ਅਤੇ ਕੌਮੀ ਦਰ 218.67 ਹੈ। ਪੰਜਾਬ ਅੰਦਰ ਸਾਲ 2013 ਵਿਚ ਹਿੰਸਾ ਅਧਾਰਤ ਅਪਰਾਧਾਂ ਦੀ ਸੂਬਾਈ ਦਰ 10.86 ਸੀ ਜਦਕਿ ਕੌਮੀ ਦਰ 19.53 ਸੀ। ਸੂਬਾਈ ਕਤਲ ਦਰ 2.56 ਅਤੇ ਕੌਮੀ ਦਰ 2.74 ਸੀ। ਬਲਾਤਕਾਰ ਮਾਮਲਿਆਂ ਵਿਚ ਪੰਜਾਬ ਦੀ ਦਰ 3.2 ਜਦਕਿ ਕੌਮੀ ਦਰ 2.78 ਸੀ। ਲੁੱਟ ਖੋਹ ਵਿਚ ਪੰਜਾਬ 0.51 ਜਦ ਕਿ ਕੌਮੀ ਦਰ 2.64 ਸੀ। ਅਗ਼ਵਾ ਮਾਮਲਿਆਂ ਵਿਚ ਪੰਜਾਬ ਦੀ ਦਰ 4.59 ਅਤੇ ਕੌਮੀਂ ਦਰ 5.41 ਸੀ। ਦੰਗੇ ਫਸਾਦਾਂ ਦੇ ਮਾਮਲਿਆਂ ਵਿਚ ਪੰਜਾਬ ਦੀ ਦਰ 0 ਫ਼ੀ ਸਦੀ ਜਦਕਿ ਕੌਮੀ ਦਰ 5.96 ਫ਼ੀ ਸਦੀ ਸੀ। ਇਸੇ ਤਰ੍ਹਾਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਝਗੜਿਆਂ ਦੀ ਪੰਜਾਬ ਵਿਚ ਅਪਰਾਧ ਦਰ 27.6 ਫੀ ਸਦੀ ਜਦ ਕਿ ਕੌਮੀ ਦਰ 40.17 ਸੀ। ਚੋਰੀਆਂ ਵਿਚ ਪੰਜਾਬ ਦੀ ਦਰ 17.61 ਜਦਕਿ ਕੌਮੀ ਦਰ 30.77 ਹੈ। ਡਕੈਤੀਆਂ ਦੇ ਕੇਸਾਂ ਵਿਚ ਸੂਬੇ ਦੀ ਦਰ 0.06 ਸੀ ਜਦਕਿ ਕੌਮੀ ਦਰ 0.37 ਸੀ। ਧੋਖਾਧੜੀ ਮਾਮਲਿਆਂ ਵਿਚ ਪੰਜਾਬ ਦੀ ਦਰ 9.76 ਜਦਕਿ ਕੌਮੀ ਦਰ 8.62 ਸੀ। ਸੋ,ਕੁੱਲ ਮਿਲਾ ਕੇ ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਭਾਵੇਂ ਪੰਜਾਬ ਅੰਦਰ ਵੀ ਅਪਰਾਧ ਦਰ ਕਾਫੀ ਉੱਚੀ ਹੈ ਪਰ ਅਪਰਾਧ ਦੇ ਕਈ ਖੇਤਰਾਂ ਵਿਚ ਅਸੀਂ ਬਾਕੀ ਸੂਬਿਆ ਨਾਲੋਂ ਕਿਤੇ ਬਿਹਤਰ ਹਾਂ।