
ਚੰਡੀਗੜ੍ਹ, 22 ਨਵੰਬਰ (ਜੀ.ਸੀ. ਭਾਰਦਵਾਜ): ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੂੰ ਪਾਸੇ ਕਰਨ ਦੇ ਮੁੱਦੇ 'ਤੇ ਦਬਾਅ ਪਾਉਂਦੇ ਹੋਏ, ਸਪੀਕਰ ਨੂੰ ਮਿਲਣ ਉਪ੍ਰੰਤ ਅੱਜ ਅਕਾਲੀ-ਭਾਜਪਾ ਦੇ ਉੱਚ ਪਧਰੀ ਵਫ਼ਦ ਨੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਰਾਜਪਾਲ ਵੀ.ਪੀ. ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਨਸ਼ਾ ਤਸਕਰੀ ਦੇ ਕੇਸ ਵਿਚ ਫ਼ਾਜ਼ਿਲਕਾ ਅਦਾਲਤ ਵਲੋਂ ਸੰਮਨ ਭੇਜਣ 'ਤੇ ਖਹਿਰਾ ਨੂੰ ਬਰਖ਼ਾਸਤ ਕਰੋ ਅਤੇ ਉਸ ਦੀ ਵਿਧਾਇਕ ਦੇ ਤੌਰ 'ਤੇ ਵੀ ਛੁੱਟੀ ਕੀਤੀ ਜਾਵੇ।
ਰਾਜ ਭਵਨ ਤੋਂ ਬਾਹਰ ਆ ਕੇ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਪਹਿਲਾਂ 90 ਹਜ਼ਾਰ ਕਰੋੜ, ਫਿਰ 9500 ਕਰੋੜ ਅਤੇ ਮਗਰੋਂ 6500 ਕਰੋੜ ਮੁਆਫ਼ ਕਰਨ ਦਾ ਵਾਅਦਾ ਕੈਪਟਨ ਸਰਕਾਰ ਨੇ ਕੀਤਾ ਸੀ ਪਰ ਹੁਣ ਤਕ ਧੇਲਾ ਮੁਆਫ਼ ਨਹੀਂ ਹੋਇਆ। ਉਨ੍ਹਾਂ ਰਾਜਪਾਲ ਨੂੰ ਅਰਜੋਈ ਕੀਤੀ ਕਿ ਕੈਪਟਨ ਸਰਕਾਰ ਦੀ ਖਿਚਾਈ ਕੀਤੀ ਜਾਵੇ।
ਰਾਜਪਾਲ ਨੂੰ ਦਿਤੀ ਚਿੱਠੀ ਵਿਚ ਵਫ਼ਦ ਨੇ ਸ. ਖਹਿਰਾ ਵਿਰੁਧ ਫ਼ਾਜ਼ਿਲਕਾ ਅਦਾਲਤ ਅਤੇ ਹਾਈ ਕੋਰਟ ਵਲੋਂ ਨਸ਼ਾ ਤਸਕਰੀ ਵਿਚ ਦਿਤੇ ਫ਼ੈਸਲੇ 'ਤੇ ਟਿਪਣੀਆਂ ਦਾ ਵੇਰਵਾ ਦਿਤਾ। ਵਫ਼ਦ ਨੇ ਕਿਹਾ ਕਿ ਵਿਧਾਨ ਸਭਾ ਦੇ ਪਵਿੱਤਰ ਹਾਊਸ ਵਿਚ ਵੀ ਖਹਿਰਾ ਵਰਗੇ ਦੋਸ਼ੀ ਦਾ ਬੈਠਣਾ ਸਦਨ ਦੀ ਤੌਹੀਨ ਹੋਵੇਗੀ। ਇਸੇ ਤਰ੍ਹਾਂ ਲਾਅ ਐਂਡ ਆਰਡਰ ਦੀ ਮਾੜੀ ਹਾਲਤ ਬਾਰੇ ਚਿੱਠੀ ਵਿਚ ਲਿਖਿਆ ਗਿਆ ਹੈ ਕਿ 17 ਅਕਾਲੀ ਆਗੂਆਂ ਦੇ ਕਤਲ ਹੋ ਚੁੱਕੇ ਹਨ, ਸਿਆਸੀ ਬਦਲਾਖ਼ੋਰੀ ਦੇ ਝੂਠੇ ਕੇਸ ਦਰਜ ਹੋਏ ਹਨ ਅਤੇ ਰੇਤਾ ਬਜਰੀ ਨੂੰ ਰੋਕਣ ਬਦਲੇ ਜਨਰਲ ਮੈਨੇਜਰ ਦਾ ਕੁਟਾਪਾ ਕਾਂਗਰਸ ਦੇ ਲੀਡਰਾਂ ਨੇ ਕੀਤਾ ਹੈ। ਅੱਜ ਦੇ ਵਫ਼ਦ ਵਿਚ ਅਕਾਲੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਸਮੇਤ ਭਾਜਪਾ ਦੇ ਨੇਤਾ ਵੀ ਸ਼ਾਮਲ ਸਨ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਵਿਚ ਪੰਜਾਬ ਦੇ ਅਧਿਕਾਰੀਆਂ ਦਾ ਅਨੁਪਾਤ 60 ਫ਼ੀ ਸਦੀ ਪੂਰਾ ਕਰੋ ਅਤੇ ਪੰਜਾਬੀ ਭਾਸ਼ਾ ਪੂਰੀ ਤਰ੍ਹਾਂ ਲਾਗੂ ਹੋਵੇ।