
ਬਰਨਾਲਾ,
28 ਅਗੱਸਤ (ਜਗਸੀਰ ਸਿੰਘ ਸੰਧੂ) : ਸਾਧਵੀ ਬਲਾਤਕਾਰ ਕੇਸ ਵਿਚ ਸੌਦਾ ਸਾਧ ਨੂੰ 10 ਸਾਲ
ਦੀ ਸਜ਼ਾ ਹੋਣ ਤੋਂ ਬਾਅਦ ਕੀ ਡੇਰਾ ਸਿਰਸਾ ਨੂੰ ਆਰ.ਐਸ.ਐਸ ਸਿੱਧਾ ਅਪਣੇ ਕੰਟਰੋਲ ਵਿਚ ਲੈ
ਲਵੇਗੀ? ਅਜਿਹੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਹਰਿਆਣਾ ਦੀ ਖੱਟਰ ਸਰਕਾਰ
ਵਲੋਂ ਸੌਦਾ ਸਾਧ ਦੇ ਕੇਸ ਵਿੱਚ ਨਿਭਾਏ ਗਏ ਰੋਲ, ਸੌਦਾ ਸਾਧ ਦੇ ਜਾਨਸ਼ੀਨ ਵਜੋਂ ਹਨੀਪ੍ਰੀਤ
ਅਤੇ ਵਿਪਾਸ਼ਨਾ ਬ੍ਰਹਮਚਾਰੀ ਦਾ ਨਾਮ ਉਭਾਰਨਾ, ਸੌਦਾ ਸਾਧ ਦੀ ਵਿਸ਼ਵਾਸਪਾਤਰ ਡੇਰੇ ਦੀ
ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵਿਰੁਧ ਦਰਜ ਹੋਏ ਕੇਸਾਂ ਨੂੰ ਵੇਖਦਿਆਂ ਅਜਿਹੀਆਂ
ਚਰਚਾਵਾਂ ਨੂੰ ਹੋਰ ਬਲ ਮਿਲਦਾ ਹੈ, ਕਿਉਂਕਿ ਦੂਸਰੇ ਪਾਸੇ ਸੌਦਾ ਸਾਧ ਦੀ ਸੱਭ ਤੋਂ
ਵਿਸ਼ਵਾਸਪਾਤਰ ਹਨੀਪ੍ਰੀਤ ਨੇ ਵੀ ਕਿਹਾ ਹੈ ਭਾਜਪਾ ਨੇ ਸੌਦਾ ਸਾਧ ਨੂੰ ਬਲਾਤਕਾਰ ਦੇ ਕੇਸ
ਵਿਚੋਂ ਬਚਾਉਣ ਦਾ ਸਮਝੌਤਾ ਤੋੜਿਆ ਹੈ।
ਉਧਰ ਸੌਦਾ ਸਾਧ ਦੇ ਜਾਨਸ਼ੀਨ ਵਜੋਂ ਇਕ ਬੀਬੀ
ਵਿਪਾਸ਼ਨਾ ਬ੍ਰਹਮਚਾਰੀ ਦਾ ਨਾਮ ਉਭਾਰਿਆ ਜਾ ਰਿਹਾ ਹੈ। ਭਾਵੇਂ ਕਿ ਪ੍ਰਚਾਰਿਆ ਜਾ ਰਿਹਾ
ਹੈ ਕਿ ਇਹ ਬੀਬੀ ਵਿਪਾਸ਼ਨਾ ਡੇਰੇ ਸਿਰਸਾ ਦੇ ਕਾਲਜ ਵਿਚ ਪੜ੍ਹੀ-ਲਿਖੀ ਹੈ, ਪਰ ਉਸ ਦੇ
ਪਿਛੋਕੜ ਸਬੰਧੀ ਕਿਸੇ ਨੂੰ ਵੀ ਬਹੁਤੀ ਜਾਣਕਾਰੀ ਨਹੀਂ ਹੈ। ਪਿਛਲੇ ਕੁੱਝ ਸਾਲਾਂ ਤੋਂ
ਡੇਰਾ ਸਿਰਸਾ ਵਿਚ ਇਹ ਬੀਬੀ ਬੜੇ ਯੋਜਨਾਬਧ ਤਰੀਕੇ ਨਾਲ ਤਾਕਤਵਰ ਹੋਈ ਹੈ ਅਤੇ ਡੇਰੇ ਵਿਚ
ਸੌਦਾ ਸਾਧ ਤੋਂ ਦੂਸਰੇ ਨੰਬਰ 'ਤੇ ਉਸ ਦਾ ਨਾਮ ਆਉਂਦਾ ਹੈ ਅਤੇ ਕੁੱਝ ਹੀ ਸਮੇਂ ਵਿਚ ਇਸ
ਬੀਬੀ ਦੇ ਨਾਮ ਦੀ ਡੇਰੇ ਵਿਚ ਤੂਤੀ ਬੋਲਣ ਲੱਗੀ ਹੈ। ਹੁਣ ਵੀ ਜਦੋਂ 28 ਅਗੱਸਤ ਨੂੰ ਜਦੋਂ
ਸੌਦਾ ਸਾਧ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਪ੍ਰੇਮੀਆਂ ਵਲੋਂ ਹਿੰਸਾ ਕੀਤੀ ਜਾ ਰਹੀ ਸੀ
ਤਾਂ ਬੀਬੀ ਵਿਪਾਸ਼ਨਾ ਵਲੋਂ ਹੀ ਮੀਡੀਆ ਰਾਹੀਂ ਡੇਰਾ ਪ੍ਰੇਮੀਆਂ ਨੂੰ ਸ਼ਾਂਤ ਰਹਿਣ ਦੀਆਂ
ਅਪੀਲਾਂ ਕੀਤੀਆਂ ਗਈਆਂ ਸਨ।
ਜਿਥੇ ਸੌਦਾ ਸਾਧ ਦੀ ਵਿਸ਼ਵਾਸਪਾਤਰ ਹਨੀਪ੍ਰੀਤ ਅਦਾਲਤੀ
ਫ਼ੈਸਲੇ ਤੋਂ ਬਾਅਦ ਕਾਫ਼ੀ ਚਰਚਾ ਵਿਚ ਆ ਗਈ ਅਤੇ ਮੀਡੀਆ ਵਿਚ ਹਨੀਪ੍ਰੀਤ ਸਬੰਧੀ ਕਈ ਤਰ੍ਹਾਂ
ਦੀਆਂ ਚਰਚਾਵਾਂ ਹੁੰਦੀਆਂ ਰਹੀਆਂ, ਉਥੇ ਬੀਬੀ ਵਿਪਾਸ਼ਨਾ ਵਿਵਾਦਾਂ ਤੋਂ ਦੂਰ ਇਕ ਸਾਧਵੀ
ਦੇ ਰੂਪ ਵਿਚ ਦੁਨੀਆਂ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਸੌਦਾ ਸਾਧ ਦੇ
ਪਰਵਾਰਕ ਮੈਂਬਰ ਇਸ ਮਾਮਲੇ ਵਿਚ ਬਿਲਕੁੱਲ ਹੀ ਖਾਮੋਸ਼ ਵਿਖਾਈ ਦੇ ਰਹੇ ਹਨ। ਡੇਰਾ ਮੁਖੀ ਦੇ
ਸਾਧਵੀਆਂ ਨਾਲ ਬਲਾਤਕਾਰ ਦੇ ਕੇਸਾਂ ਵਿਚ ਜੇਲ ਜਾਣ ਤੋਂ ਬਾਅਦ ਕਿਸੇ ਬੀਬੀ ਨੂੰ ਡੇਰੇ ਦੀ
ਸੰਚਾਲਕਾ ਬਣਾਉਣਾ ਵੀ ਕੂਟਨੀਤੀ ਦਾ (ਬਾਕੀ ਸਫ਼ਾ 11 'ਤੇ)
ਹਿੱਸਾ ਹੀ ਮੰਨਿਆ ਜਾਵੇਗਾ, ਕਿਉਂਕਿ ਇਸ ਤਰ੍ਹਾਂ ਨਾਲ ਡੇਰੇ ਨਾਲ ਟੁੱਟ ਰਹੀ ਸੰਗਤ ਨੂੰ ਰੋਕਿਆ ਜਾ ਸਕਦਾ ਹੈ।
ਭਾਰਤ
ਨੂੰ ਹਿੰਦੂ ਰਾਸਟਰ ਬਣਾਉਣ ਲਈ ਉਤਰੀ ਭਾਰਤ ਖਾਸ ਕਰ ਕੇ ਪੰਜਾਬ ਸਮੇਤ ਸਿੱਖ ਵਸੋਂ ਵਾਲੇ
ਇਲਾਕਿਆਂ ਵਿਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਆਰ.ਐਸ.ਐਸ ਲਈ ਡੇਰਾ ਸਿਰਸਾ ਦਾ ਪ੍ਰਭਾਵ
ਬਹੁਤ ਸਹਾਈ ਹੋ ਸਕਦਾ ਹੈ, ਕਿਉਂਕਿ ਡੇਰਾ ਸਿਰਸਾ ਦੇ ਜ਼ਰੀਏ ਜਿਥੇ ਆਰ.ਐਸ.ਐਸ ਨੂੰ ਇਸ
ਖਿੱਤੇ ਵਿੱਚ ਇੱਕ ਵੱਡਾ ਕੇਂਦਰ ਮਿਲ ਜਾਵੇਗਾ, ਉਥੇ ਪੰਜਾਬ, ਹਰਿਆਣਾ, ਰਾਜਸਥਾਨ, ਯੂ.ਪੀ,
ਹਿਮਾਚਲ ਪ੍ਰਦੇਸ਼ ਦੇ ਪੇਂਡੂ ਖੇਤਰਾਂ ਵਿੱਚ ਪ੍ਰੇਮੀਆਂ ਦੇ ਰੂਪ ਵਿੱਚ ਬਣੀ ਬਣਾਈ ਫੋਰਸ
ਮੁਹੱਈਆ ਹੋ ਸਕਦੀ ਹੈ। ਸ਼ਾਇਦ ਇਸੇ ਲਈ ਡੇਰਾ ਪ੍ਰੇਮੀਆਂ ਲਈ ਹਰਿਆਣਾ ਸਰਕਾਰ ਵਲੋਂ ਨਰਮੀ
ਵਰਤੀ ਗਈ ਹੈ ਅਤੇ ਅੱਗੇ ਵੀ ਡੇਰਾ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਕੁੱਝ ਰਾਹਤ ਭਰੇ ਐਲਾਨ
ਹਰਿਆਣਾ ਸਰਕਾਰ ਵਲੋਂ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਤਰ੍ਹਾਂ 'ਸੱਪ ਵੀ ਮਰ ਜੇ
ਅਤੇ ਸੋਟਾ ਵੀ ਨਾ ਟੁੱਟੇ' ਦੀ ਨੀਤੀ ਤਹਿਤ ਆਰ.ਐਸ.ਐਸ ਨੇ ਇਕ ਕੂਟਨੀਤੀ ਤਹਿਤ ਸੌਦਾ ਸਾਧ
ਨੂੰ ਪਾਸੇ ਕਰ ਕੇ ਉਸ ਦੇ ਅਰਬਾਂ ਰੁਪਏ ਦੇ ਸਾਮਰਾਜ ਅਤੇ ਕਰੋੜਾਂ ਦੀ ਗਿਣਤੀ ਵਿਚ ਚੇਲਿਆਂ
ਨੂੰ ਅਪਣੇ ਮਕਸਦ ਲਈ ਵਰਤਣ ਦੀ ਕਵਾਇਦ ਵਿੱਢ ਦਿਤੀ ਹੈ ਅਤੇ ਸੌਦਾ ਸਾਧ ਦੇ ਅਗਲੇ ਜਾਨਸ਼ੀਨ
ਰਾਹੀਂ ਅਪਣੇ ਮਨਸੂਬੇ ਪੂਰੇ ਕਰਨ ਵਿਚ ਅੱਗੇ ਵੱਧ ਰਹੀ ਹੈ।