
ਸਰਦੂਲਗੜ੍ਹ, 11 ਸਤੰਬਰ
(ਵਿਨੋਦ ਜੈਨ) : ਨਰਮਾ ਪੱਟੀ ਦੇ ਕਿਸਾਨ ਚਿੱਟੇ ਮੱਛਰ ਅਤੇ ਭੂਰੀ ਜੂੰ ਵਲੋਂ ਕੀਤੇ
ਨੁਕਸਾਨ ਦਾ ਦੁੱਖ ਅਜੇ ਭੁੱਲੇ ਨਹੀਂ ਸਨ ਕਿ ਦਿਨੋਂ ਦਿਨ ਡਿਗਦੇ ਨਰਮੇ ਦੇ ਭਾਅ ਨੇ
ਕਿਸਾਨਾਂ ਨੂੰ ਮੁੜ ਤੋਂ ਵੱਡੀ ਚਿੰਤਾ ਵਿਚ ਡੋਬ ਦਿਤਾ ਹੈ। ਪਿਛਲੇ ਦਿਨਾਂ ਤੋਂ ਮੰਡੀਆਂ
'ਚ ਨਰਮਾ ਪੈਂਤੀ ਸੌ ਰੁਪਏ ਤੋਂ ਤਰਤਾਲੀ ਸੌ ਰੁਪਏ ਪ੍ਰਤੀ ਕੁਇੰਟਲ ਹੀ ਵਿਕ ਰਿਹਾ ਹੈ।
ਨਰਮੇ
ਦੇ ਭਾਅ 'ਚ ਭਾਰੀ ਮੰਦਵਾੜੇ ਕਾਰਨ ਕਿਸਾਨਾਂ ਨੇ ਅਗੇਤੀ ਚੁਗਾਈ ਦਾ ਨਰਮਾ ਇਸੇ ਆਸ 'ਚ
ਸੰਭਾਲਣਾ ਸ਼ੁਰੂ ਕਰ ਦਿਤਾ ਹੈ ਕਿ ਹੋ ਸਕਦਾ ਹੈ ਅਗਲੇ ਦਿਨਾਂ ਵਿਚ ਭਾਅ ਛੇ ਹਜ਼ਾਰ ਰੁਪਏ
ਤੋਂ ਉਪਰ ਚਲਾ ਜਾਵੇ। ਜਟਾਣਾ ਖ਼ੁਰਦ ਦੇ ਕਿਸਾਨ ਸਾਬਕਾ ਸਰਪੰਚ ਅਮਰੀਕ ਸਿੰਘ ਅਤੇ ਅਮਰਜੀਤ
ਸਿੰਘ ਨੇ ਦਸਿਆ ਨਰਮੇ ਦੇ ਭਾਅ 'ਚ ਭਾਰੀ ਮੰਦਵਾੜੇ ਕਾਰਨ ਅਸੀਂ ਅਪਣੀ ਗਿੱਲੀ ਫ਼ਸਲ ਸੁਕਾ
ਕੇ ਸੰਭਾਲਣੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਨਰਮੇ ਦੇ ਮੌਜੂਦਾ ਭਾਅ ਨਾਲ ਕਿਸਾਨਾਂ
ਦੇ ਪੱਲੇ ਕੁੱਝ ਵੀ ਨਹੀਂ ਪੈਂਦਾ। ਕਿਸਾਨਾਂ ਨੇ ਦਸਿਆ ਇਕ ਕੁਇੰਟਲ ਨਰਮੇ ਦੀ ਚੁਗਾਈ 'ਤੇ
ਹੀ ਅੱਠ ਸੌ ਰੁਪਏ ਤੋਂ ਲੈ ਕੇ ਨੌਂ ਸੌ ਰੁਪਏ ਖ਼ਰਚ ਆ ਰਹੇ ਹਨ। ਦਵਾਈਆਂ, ਬੀਜ, ਖਾਦਾਂ,
ਡੀਜ਼ਲ, ਠੇਕਾ ਅਤੇ ਮਜ਼ਦੂਰੀ ਵੱਖ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਬਚਦੇ ਤਾਂ ਹੀ ਹਾਂ
ਜੇਕਰ ਨਰਮੇ ਦਾ ਔਸਤ ਭਾਅ ਸਾਢੇ ਛੇ ਹਜ਼ਾਰ ਤੋਂ ਸੱਤ ਹਜ਼ਾਰ ਦੇ ਦਰਮਿਆਨ ਰਹੇ। ਕਿਸਾਨਾਂ ਨੇ
ਦਸਿਆ ਪਿਛਲੇ ਸਾਲਾਂ ਦੌਰਾਨ ਹਰ ਕਿਸਾਨ ਅਗੇਤੀ ਚੁਗਾਈ ਦਾ ਨਰਮਾ ਵੇਚ ਕੇ ਘਰੇਲੂ ਲੋੜਾਂ
ਪੂਰੀਆਂ ਕਰ ਲੈਂਦਾ ਸੀ ਪਰ ਇਸ ਵਾਰ ਹਰ ਕਿਸਾਨ ਪੱਲਾ ਬੋਚ ਰਿਹਾ ਹੈ।
ਜੌੜਕੀਆਂ ਪਿੰਡ
ਦੇ ਕਿਸਾਨ ਗੁਰਦੀਪ ਸਿੰਘ ਨੇ ਦਸਿਆ ਕਿ ਨਰਮਾ ਸੰਭਾਲਣ 'ਤੇ ਵੀ ਕਿਸਾਨਾਂ ਨੂੰ ਕਾਫ਼ੀ
ਮਿਹਨਤ ਕਰਨੀ ਪੈਂਦੀ ਹੈ। ਜੇਕਰ ਪਹਿਲੀ ਚੁਗਾਈ ਦਾ ਨਰਮਾ ਸਿੱਧਾ ਹੀ ਕਮਰਿਆਂ ਵਿਚ ਸਟੋਰ
ਕੀਤਾ ਜਾਂਦਾ ਹੈ ਤਾਂ ਇਸ ਦੇ ਗਰਭ (ਕਾਲਾ ਹੋਣਾ) ਜਾਣ ਦਾ ਡਰ ਹੈ । ਜੇਕਰ ਧੁੱਪੇ
ਸੁਕਾਉਂਦੇ ਹਾਂ ਤਾਂ ਹਰ ਰੋਜ਼ ਸਵੇਰ ਵੇਲੇ ਫਰੂ 'ਤੇ ਖਿਲਾਰਨਾ ਅਤੇ ਰਾਤ ਵੇਲੇ ਅੰਦਰ ਰੱਖਣ
ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ।
ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ
ਮੰਗ ਕੀਤੀ ਹੈ ਕਿ ਖ਼ਰਚੇ ਅਤੇ ਉਪਜ ਦੇ ਹਿਸਾਬ ਨਾਲ ਨਰਮੇ ਦਾ ਭਾਅ ਛੇ ਹਜ਼ਾਰ ਰੁਪਏ ਤੋਂ
ਜ਼ਿਆਦਾ ਨਿਸ਼ਚਤ ਕੀਤਾ ਜਾਵੇ। ਆੜ੍ਹਤੀਆ ਅਸ਼ੋਕ ਕੁਮਾਰ ਨੇ ਦਸਿਆ ਕਿ ਨਰਮੇ ਦੀਆਂ ਕਈ
ਵੰਨਗੀਆਂ ਹੋਣ ਕਾਰਨ ਇਸ ਸਮੇਂ ਨਰਮੇ ਦਾ ਭਾਅ ਪੈਂਤੀ ਸੌ ਰੁਪਏ ਤੋਂ ਲੈ ਕੇ ਸਾਢੇ ਚਾਰ
ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤਕ ਚਲ ਰਿਹਾ ਹੈ। ਸਰਦੂਲਗੜ੍ਹ ਦੀ ਮੰਡੀ 'ਚ ਚੰਗਾ ਨਰਮਾ ਅੱਜ
ਛਿਆਲੀ ਸੌ ਰੁਪਏ ਅਤੇ ਮਾਨਸਾ ਦੀ ਮੰਡੀ 'ਚ ਸੰਤਾਲੀ ਸੌ ਰੁਪਏ ਪ੍ਰਤੀ ਕੁਇੰਟਲ ਵਿਕਿਆ
ਹੈ।