
ਐਸ.ਏ.ਐਸ ਨਗਰ : ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਹਿਕਾਰੀ ਬੈਂਕਾਂ ਤੋਂ ਬਾਅਦ ਹੁਣ ਕਿਸਾਨਾਂ ਦੇ ਵਪਾਰਕ ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਹਰੀ ਝੰਡੀ ਵੀ ਦੇ ਦਿਤੀ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲਗਾ ਹੈ ਕਿ ਪਹਿਲੇ ਪੜਾਅ 'ਚ ਸਰਕਾਰ ਵਲੋਂ ਸਹਿਕਾਰੀ ਬੈਂਕਾਂ ਤੋਂ ਕਰਜ਼ੇ ਲੈਣ ਵਾਲੇ ਦੋ ਲੱਖ ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ਼ ਕੀਤਾ ਗਿਆ ਸੀ ਪਰ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਕਿਤੇ ਵਧ ਦੱਸੀ ਜਾ ਰਹੀ ਹੈ।
ਸਰਕਾਰ ਇਨ੍ਹਾਂ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ਿਆਂ ਨੂੰ ਮੁਆਫ਼ ਕਰਨ 'ਚ ਲੱਗੀ ਹੋਈ ਹੈ। ਪਹਿਲਾ ਪੜਾਅ ਪੂਰਾ ਹੋ ਚੁਕਾ ਹੈ ਜਦਕਿ ਦੂਜੇ ਪੜਾਅ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਬੁੱਧਵਾਰ ਨਕੋਦਰ 'ਚ ਲਗਭਗ 200 ਕਰੋੜ ਰੁਪਏ ਦੇ ਹੋਰ ਕਰਜ਼ਿਆਂ ਨੂੰ ਮੁਆਫ਼ ਕੀਤਾ ਜਾਵੇਗਾ। ਸਰਕਾਰੀ ਸੂਤਰਾਂ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਵਪਾਰਕ ਬੈਂਕਾਂ ਤੋਂ 2-2 ਲੱਖ ਰੁਪਏ ਦਾ ਕਰਜ਼ਾ ਲੈਣ ਵਾਲੇ ਕਿਸਾਨਾਂ ਦੀ ਜਾਣਕਾਰੀ 15 ਮਾਰਚ ਤਕ ਭੇਜਣ ਦੇ ਨਿਰਦੇਸ਼ ਦਿਤੇ ਹਨ। ਇਸ ਤੋਂ ਬਾਅਦ ਸਰਕਾਰ ਇਨ੍ਹਾਂ ਕਿਸਾਨਾਂ ਵਲੋਂ ਲਏ ਗਏ ਕਰਜ਼ਿਆਂ ਦੀ ਜਾਂਚ ਦਾ ਕੰਮ ਪੂਰਾ ਕਰੇਗੀ। ਵਪਾਰਕ ਬੈਂਕਾਂ 'ਚ ਜਨਤਕ ਅਤੇ ਨਿਜੀ ਖੇਤਰ ਦੇ ਬੈਂਕਾਂ ਤੋਂ ਇਲਾਵਾ ਪੇਂਡੂ ਵਿਕਾਸ ਬੈਂਕ ਵੀ ਸ਼ਾਮਲ ਹਨ।
ਕਿਸਾਨ ਕਰਜ਼ਾ ਮੁਆਫ਼ੀ ਯੋਜਨਾ ਦੇ ਤਹਿਤ ਸੱਭ ਤੋਂ ਵੱਡੀ ਸਮੱਸਿਆ ਕਿਸਾਨਾਂ ਦੀ ਜਾਂਚ ਸਬੰਧੀ ਆ ਰਹੀ ਹੈ। ਪਹਿਲੇ ਪੜਾਅ 'ਚ ਕੁੱਝ ਕਿਸਾਨਾਂ 'ਤੇ ਉਂਗਲੀਆਂ ਉਠੀਆਂ ਸਨ ਕਿਉਂਕਿ ਕੁੱਝ ਲੋਕਾਂ ਨੇ ਕਿਹਾ ਸੀ ਕਿ ਉਹ ਕਿਸਾਨ ਵੀ ਕਰਜ਼ਾ ਮੁਆਫ਼ੀ ਦਾ ਲਾਭ ਲੈ ਗਏ ਹਨ, ਜਿਨ੍ਹਾਂ ਕੋਲ ਹੋਰ ਸੂਬਿਆਂ 'ਚ ਜ਼ਮੀਨ ਹੈ। ਇਸ ਲਈ ਬਾਅਦ 'ਚ ਮੁੱਖ ਮੰਤਰੀ ਨੇ ਜਾਂਚ ਦੇ ਕੰਮ 'ਚ ਵਿਧਾਇਕਾਂ ਨੂੰ ਸ਼ਾਮਲ ਕਰ ਲਿਆ।