
ਬਟਾਲਾ, 1 ਜਨਵਰੀ (ਡਾ.ਹਰਪਾਲ ਸਿੰਘ ਬਟਾਲਵੀ): ਪੰਜਾਬ ਸਰਕਾਰ ਵਲੋਂ ਸੱਭ ਲਈ ਮਕਾਨ ਮੁਹੱਈਆ ਕਰਾਉਣ ਦੇ ਟੀਚੇ ਦੀ ਪੂਰਤੀ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਮੁਫ਼ਤ ਪਲਾਟ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਪੰਚਾਇਤ ਵਿਭਾਗ ਵਲੋਂ ਸ਼ੁਰੂ ਕੀਤੀ ਸਕੀਮ ਤਹਿਤ ਯੋਗ ਬੇਘਰੇ ਪਰਵਾਰਾਂ ਨੂੰ ਘਰ ਬਣਾਉਣ ਲਈ ਪੰਜ ਮਰਲੇ ਤਕ ਦੇ ਪਲਾਟ ਮੁਫ਼ਤ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀ ਇਸ ਸਬੰਧੀ ਅਰਜ਼ੀ ਦੇਣ ਲਈ ਫ਼ਾਰਮ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਦਫ਼ਤਰਾਂ ਵਿਚੋਂ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਅਰਜ਼ੀਆਂ ਅਪਣੇ ਬਲਾਕ ਪੰਚਾਇਤ ਦਫ਼ਤਰ ਵਿਚ ਕਿਸੇ ਵੀ ਕੰਮਕਾਜ ਵਾਲੇ ਦਿਨ 31 ਜਨਵਰੀ 2018 ਸ਼ਾਮ 5 ਵਜੇ ਤਕ ਦਿਤੀਆਂ ਜਾ ਸਕਦੀਆਂ ਹਨ। ਪੰਚਾਇਤ ਮੰਤਰੀ ਬਾਜਵਾ ਨੇ ਕਿਹਾ ਕਿ ਮੁਫ਼ਤ ਪਲਾਟ ਲੈਣ ਲਈ ਲਾਭਪਾਤਰੀ ਪਰਵਾਰ ਪੰਜਾਬ ਦਾ ਪੱਕਾ ਤੇ ਸਬੰਧਤ ਪੰਚਾਇਤ ਦੇ ਅਧਿਕਾਰ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਹੈ। ਉਸ ਪਰਵਾਰ ਕੋਲ ਕਿਧਰੇ ਵੀ ਕੋਈ ਅਪਣਾ ਪਲਾਟ/ਮਕਾਨ ਨਾ ਹੋਵੇ ਅਤੇ ਅਰਜ਼ੀ ਦੇਣ ਵਾਲਾ ਵਿਅਕਤੀ ਵਿਆਹਿਆ ਭਾਵ ਪਰਵਾਰਸ਼ੁਦਾ ਹੋਣਾ ਚਾਹੀਦਾ ਹੈ।
ਇਸ ਸਕੀਮ ਤਹਿਤ ਪਹਿਲਾਂ ਹੀ ਪਲਾਟ ਅਲਾਟ ਕਰਵਾ ਚੁੱਕੇ ਪਰਵਾਰ ਦਾ ਵਿਆਹਿਆ ਲੜਕਾ ਵੀ ਇਸ ਸਕੀਮ ਅਧੀਨ ਪਲਾਟ ਲੈਣ ਲਈ ਯੋਗ ਮੰਨਿਆ ਜਾ ਸਕੇਗਾ, ਬਸ਼ਰਤ ਕਿ ਉਸ ਕੋਲ ਅਪਣਾ ਕੋਈ ਘਰ ਜਾਂ ਰਿਹਾਇਸ਼ੀ ਪਲਾਟ ਨਾ ਹੋਵੇ। ਬਾਜਵਾ ਨੇ ਕਿਹਾ ਕਿ ਅਰਜ਼ੀ ਫ਼ਾਰਮ ਨਾਲ ਰਿਹਾਇਸ਼ ਦੇ ਸਬੂਤ ਵਜੋਂ ਅਧਾਰ ਕਾਰਡ, ਰਾਸ਼ਨ ਕਾਰਡ ਜਾਂ ਵੋਟਰ ਕਾਰਡ, ਪਰਵਾਰਸ਼ੁਦਾ ਹੋਣ ਦੇ ਸਬੂਤ ਵਜੋਂ ਰਾਸ਼ਨ ਕਾਰਡ, ਸਾਰੇ ਜੀਆਂ ਦੇ ਅਧਾਰ ਕਾਰਡ ਜਾਂ ਵੋਟਰ ਕਾਰਡ ਲਗਾਏ ਜਾਣੇ ਲਾਜ਼ਮੀ ਹਨ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਵਧੇਰੇ ਜਾਣਕਾਰੀ ਲਈ ਅਪਣੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਵਲੋਂ ਇਹ ਮੁਫ਼ਤ ਪਲਾਟ ਪੂਰੀ ਪਾਰਦਰਸ਼ਤਾ ਨਾਲ ਲੋੜਵੰਦ ਤੇ ਯੋਗ ਪਰਵਾਰਾਂ ਨੂੰ ਹੀ ਦਿਤੇ ਜਾਣਗੇ।