
ਚੰਡੀਗੜ੍ਹ, 8 ਜਨਵਰੀ (ਨੀਲ ਭਲਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਨਗਰ ਨਿਗਮ (ਐਮ.ਸੀ.) ਚੋਣਾਂ ਲਈ ਕਾਂਗਰਸ ਦੇ ਅਬਜ਼ਰਵਰ (ਨਿਰੀਖਕ) ਵਜੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿਤੀ ਹੈ। ਬੁਲਾਰੇ ਨੇ ਦਸਿਆ ਕਿ ਬਾਜਵਾ ਦੇ ਨਾਂ ਦੀ ਸਿਫ਼ਾਰਸ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਕਰ ਲਿਆ ਹੈ। ਬੁਲਾਰੇ ਅਨੁਸਾਰ
ਇਸ ਨਿਯੁਕਤੀ ਸਬੰਧੀ ਸੂਚਨਾ ਬਾਜਵਾ ਨੂੰ ਭੇਜ ਦਿਤੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਦਿਹਾਤੀ ਵਿਕਾਸ ਤੇ ਪੰਚਾਇਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਹਨ। ਇਸੇ ਦੌਰਾਨ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸ੍ਰੀ ਬਾਜਵਾ ਦੀ ਅਗਵਾਈ ਵਿਚ ਇਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਸ ਦੇ ਮੈਂਬਰਾਂ ਵਿਚ ਰਵਨੀਤ ਬਿੱਟੂ ਅਤੇ ਗੁਰਪ੍ਰੀਤ ਗੋਗੀ ਸ਼ਾਮਲ ਹਨ।