
ਸਮਾਣਾ, 7 ਨਵੰਬਰ (ਕਰਮਚੰਦ ਰਾਜਲਾ): ਭਾਰਤ ਸਰਕਾਰ ਅਤੇ ਰਾਜ ਸਰਕਾਰ ਦੀ ਸਾਂਝੀ ਚਲਾਈ ਗਈ ਮਿਡ-ਡੇ-ਮੀਲ ਸਕੀਮ ਤਹਿਤ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਯਕੀਨੀ ਬਣਾਇਆ ਗਿਆ ਹੈ ਤਾਂ ਜੋਂ ਬੱਚਿਆਂ ਦੀ ਸਰਕਾਰੀ ਸਕੂਲਾਂ ਵਿਚ ਗਿਣਤੀ ਵਧਾਈ ਸਕੇ।ਜਿਸ ਤੇ ਮਿਡ-ਡੇ-ਮੀਲ ਦਾ ਰਾਸ਼ਨ ਪਾਣੀ ਤੇ ਖਾਣਾ ਤਿਆਰ ਕਰਨ ਲਈ ਵਰਕਰਾਂ ਦੇ ਖਰਚੇ ਦੀ ਰਾਸ਼ੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵਲੋਂ ਕ੍ਰਮਵਾਰ 60:40 ਦੇ ਅਨਪਾਤ ਵਿਚ ਜਾਰੀ ਹੁੰਦੀ ਹੈ। ਪਰੰਤੂ ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਵਲੋਂ ਸਕੂਲਾਂ ਵਿਚ ਮਿਡ-ਡੇ-ਮੀਲ ਦੇ ਪੈਸੇ ਨਾ ਭੇਜਣ ਕਾਰਨ ਸਕੂਲਾਂ ਦੇ ਅਧਿਆਪਕ ਦੁਕਾਨਦਾਰਾਂ ਤੋ ਰਾਸ਼ਨ ਉਧਾਰ ਤੇ ਲੈ ਕੇ ਬੁੱਤਾ ਸਾਰ ਰਹੇ ਸਨ , ਪਰ ਉਧਾਰ ਜਿਆਦਾ ਹੋਣ ਕਾਰਨ ਤੇ ਪਿਛਲੇ ਪੈਸੇ ਨਾ ਮੋੜਨ ਕਾਰਨ ਦੁਕਾਨਦਾਰਾਂ ਨੇ ਅਧਿਆਪਕਾਂ ਨੂੰ ਰਾਸ਼ਨ ਦੇਣਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਬਲਾਕ ਸਮਾਣਾ ਦੇ -1, 2 ਅਤੇ 3 ਦੇ ਸੈਕੜੇ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਚੁੱਲੇ ਠੰਢੇ ਹੋਣ ਕਿਨਾਰੇ ਹਨ ਅਤੇ ਬਹੁਤੇ ਸਕੂਲਾਂ ਨੇ ਖਾਣਾ ਬਣਾਉਣਾ ਬੰਦ ਕਰ ਦਿੱਤਾ ਹੈ।
ਪੰਜਾਬ ਸਰਕਾਰ ਵੱਲ ਪਿਛਲੇ ਤਿੰਨ ਮਹੀਨਿਆਂ ਦਾ ਬਕਾਇਆ ਸਮਾਣਾ ਬਲਾਕ -1 ਦੇ ਪ੍ਰਾਇਮਰੀ ਸਕੂਲਾਂ ਦਾ 12 ਲੱਖ 25 ਹਜਾਰ ਅਤੇ ਅਪਰ ਪ੍ਰਾਇਮਰੀ ਸਕੂਲਾਂ ਦਾ 13 ਲੱਖ 50 ਹਜਾਰ, ਬਲਾਕ ਸਮਾਣਾ-2 ਦਾ ਬਕਾਇਆ ਪ੍ਰਾਇਮਰੀ ਸਕੂਲ 7 ਲੱਖ 50 ਹਜਾਰ ਅਤੇ ਅਪਰ ਪ੍ਰਾਇਮਰੀ ਸਕੂਲਾਂ ਦਾ 9 ਲੱਖ , ਅਤੇ ਬਲਾਕ ਸਮਾਣਾ - 3 ਦੇ ਪ੍ਰਾਇਮਰੀ ਸਕੂਲਾਂ ਦਾ 9ਲੱਖ 76 ਹਜਾਰ ਅਤੇ ਅਪਰ ਪ੍ਰਾਇਮਰੀ ਸਕੂਲਾਂ ਦਾ 11 ਲੱਖ ਦੇ ਕਰੀਬ ਮਿਡ-ਡੇ-ਮੀਲ ਦੀ ਰਾਸ਼ੀ ਬਕਾਇਆ ਖੜੀ ਹੈ।
ਇਸ ਸਬੰਧੀ ਸਰਕਾਰੀ ਅਧਿਆਪਕ ਯੂਨੀਅਨ ਦੇ ਜਿਲਾ ਮੀਤ ਪ੍ਰਧਾਨ ਜਸਵਿੰਦਰ ਸਿੰਘ, ਬਲਾਕ ਪ੍ਰਧਾਨ ਪਰਮਜੀਤ ਸਿੰਘ, ਬਲਾਕ ਪ੍ਰਧਾਨ ਅਲੀਸ਼ੇਰ ਅਤੇ ਬਲਾਕ ਪ੍ਰਧਾਨ ਸਤਨਾਮ ਸਿੰਘ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਮਿਡ-ਡੇ-ਮੀਲ ਦੀ ਬਕਾਇਆ ਰਾਸ਼ੀ ਜਲਦੀ ਰਿਲੀਜ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਦੁਪਿਹਰ ਦਾ ਖਾਣਾ ਮਿਲ ਸਕੇ ਅਤੇ ਮਿਡ-ਡੇ-ਮੀਲ ਦੇ ਲਈ ਦੁਕਾਨਾਂ ਤੋ ਲਏ ਰਾਸ਼ਨ ਦੇ ਉਧਾਰ ਨੂੰ ਵਾਪਸ ਮੋੜਿਆ ਜਾ ਸਕੇ। ਇਸ ਬਾਰੇ ਗੱਲਬਾਤ ਕਰਦਿਆਂ ਜਿਲਾ ਮੈਨੇਜਰ ਮਿਡ-ਡੇ-ਮੀਲ ਜਸਪਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਿਲਾ ਪਟਿਆਲਾ ਦੇ ਵਿਚ ਗਿਆਰਾਂ ਸਿੱਖਿਆ ਬਲਾਕ ਹਨ ਜਿੰਨਾਂ ਦਾ ਮਿਡ-ਡੇ-ਮੀਲ ਦੀ ਰਾਸ਼ੀ ਕਰੋੜਾਂ ਰੁਪਏ ਸਰਕਾਰ ਵੱਲ ਬਕਾਇਆ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰਾਸ਼ੀ ਭੇਜਣ ਲਈ ਕਿਹਾ ਗਿਆ ਹੈ । ਇਸ ਬਾਰੇ ਜਦੋਂ ਜਿਲਾ ਸਿਖਿਆ ਅਫਸਰ ਐਲੀਮੈਂਟਰੀ ਦਰਸਨ ਲਾਲ ਸੇਟੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਲੇ ਭਰ ਦੇ ਸਕੂਲਾਂ ਚ ਮਿਡ-ਡੇ-ਮੀਲ ਤੇ ਇਕ ਕਰੋੜ ਦੇ ਕਰੀਬ ਖਰਚਾ ਆ ਜਾਂਦਾ ਹੈ ਪਰ ਸਰਕਾਰ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਰਾਸ਼ੀ ਜਾਰੀ ਨਹੀ ਕੀਤੀ ਜਿਸ ਕਾਰਨ ਖਾਣਾ ਬਣਾਉਣ ਤੋ ਸਕੂਲ ਅਧਿਆਪਕਾਂ ਨੇ ਹੱਥ ਖੜੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਕਾਇਆ ਰਾਸ਼ੀ ਭੇਜਣ ਲਈ ਪੱਤਰ ਲਿਖਿਆ ਹੈ ਤੇ ਜਲਦੀ ਬਕਾਇਆ ਰਾਸ਼ੀ ਆ ਜਾਵੇਗੀ।