
ਸੁਲਤਾਨਪੁਰ ਲੋਧੀ,
23 ਸਤੰਬਰ (ਜਸਬੀਰ ਸਿੰਘ ਧੁੰਨਾ/ਲਵਪੀ੍ਰਤ ਸਿੰਘ): ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਦੋ
ਜਣਿਆਂ ਦੀ ਮੌਤ ਅਤੇ ਤਿੰਨ ਦੇ ਜ਼ਖ਼ਮੀ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ
ਅਨੁਸਾਰ ਪੰਜ ਨੌਜਵਾਨ ਲੋਹੀਆਂ ਸਾਈਡ ਤੋਂ ਸੁਲਤਾਨਪੁਰ ਲੋਧੀ ਨੂੰ ਅਪਣੇ ਪਿੰਡਾਂ ਨੂੰ ਆ
ਰਹੇ ਸਨ ਕਿ ਰਸਤੇ ਵਿਚ ਪਿੰਡ ਵਾੜਾ ਜੋਧ ਸਿੰਘ ਨੇੜੇ ਸਾਹਮਣੇ ਤੋਂ ਆ ਰਹੇ ਟਰੱਕ ਤੋਂ ਬਚਣ
ਲਈ ਆਪਸ ਵਿਚ ਟਕਰਾਅ ਗਏ। ਵਾੜਾ ਜੋਧ ਸਿੰਘ ਸੜਕ ਦਾ ਗੁਲਾਈ ਮੌੜ ਹੋਣ ਕਰ ਕੇ ਇਹ ਨੌਜਵਾਨ
ਅਪਣੇ ਅਪਣੇ ਮੋਟਰਸਾਈਕਲ ਨੂੰ ਸੰਭਾਲ ਨਾ ਸਕੇ ਜਿਸ ਕਾਰਨ ਆਪਸ ਵਿਚ ਭਿੜ ਗਏ ਤੇ ਇਕ ਖੰਭੇ
ਵਿਚ ਵੱਜਣ ਕਰ ਕੇ ਪਲਟੀ ਖਾ ਗਏ ਜਿਸ ਨਾਲ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ
ਚਾਰ ਨੌਜਵਾਨ ਜ਼ਖ਼ਮੀ ਹੋ ਗਏ। ਚਾਰ ਨੌਜਵਾਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ
ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਨਾਲ ਉਨ੍ਹਾਂ ਨੂੰ ਜਲੰਧਰ ਰੈਫ਼ਰ ਕਰ
ਦਿਤਾ ਜਿਥੇ ਬਾਅਦ ਵਿਚ ਇਕ ਹੋਰ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਪਰਮਜੀਤ
ਸਿੰਘ ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਦਾ ਰਹਿਣ ਵਾਲਾ ਸੀ
ਜੋ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਵਿਆਹਿਆ ਹੋਇਆ ਸੀ ਜੋ ਅਪਣੇ ਪਿੱਛੇ 2
ਬੇਟੀਆਂ ਅਤੇ ਪਤਨੀ ਨੂੰ ਛੱਡ ਗਿਆ ਹੈ। ਰਾਹਗੀਰਾਂ ਅਨੁਸਾਰ ਇਹ ਪੰਜੇ ਨੌਜਵਾਨ ਅਪਣੇ
ਬੁਲੇਟ ਮੋਟਰਸਾਈਕਲ 'ਤੇ ਹਠ-ਖੇਲੀਆਂ ਕਰਦੇ ਆ ਰਹੇ ਸਨ ਜਦ ਕਿ ਸਾਹਮਣੇ ਤੋਂ ਆ ਰਹੇ ਟਰੱਕ
ਤੋਂ ਬਚਣ ਲਈ ਆਪਸ ਵਿਚ ਟਕਰਾਅ ਗਏ।