
ਲੁਧਿਆਣਾ, 21 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਵਿਖੇ ਫ਼ੈਕਟਰੀ ਦੇ ਢਹਿ ਢੇਰੀ ਹੋ ਜਾਣ ਨਾਲ ਹੋਏ ਜਾਨੀ ਨੁਕਸਾਨ ਦੀ ਦੁਖਦਾਈ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਪਾਸੋਂ ਇਸ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਦਰਦਨਾਕ ਹਾਦਸੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਵੀ ਵੇਖਿਆ ਜਾਵੇਗਾ ਕਿ ਕੈਮੀਕਲ ਨੂੰ ਸਟੋਰ ਕਰ ਕੇ ਫ਼ੈਕਟਰੀ ਦੇ ਮਾਲਕ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ। ਇਸ ਮੌਕੇ ਮੁੱਖ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਅਥਾਰਟੀ ਨੂੰ ਬਚਾਅ ਅਤੇ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ। ਪੀੜਤ ਪਰਵਾਰਾਂ ਦੇ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਮਲਬੇ ਹੇਠ ਅਜੇ ਵੀ ਦੱਬੇ ਹੋਏ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੇ ਜਾਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨਾਲ ਸਥਾਨਕ ਸੰਸਥਾਵਾਂ, ਸੈਰ ਸਪਾਟਾ ਅਤੇ ਸਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਸਨ। ਮੁੱਖ ਮੰਤਰੀ ਨੇ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਵਾਰਾਂ ਨੂੰ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ, ਜੋ ਅੱਗ ਲੱਗਣ ਤੋਂ ਬਾਅਦ ਇਕ ਧਮਾਕਾ ਹੋਣ ਕਾਰਨ ਵਾਪਰਿਆ। ਹਾਦਸੇ ਵਿਚ ਮਾਰੇ ਗਏ ਚਾਰ ਫ਼ਾਇਰਮੈਨਾਂ ਅਤੇ ਇਕ ਸੈਨੇਟਰੀ ਇੰਸਪੈਕਟਰ ਨੂੰ 10-10 ਲੱਖ ਰੁਪਏ ਐਕਸ-ਗ੍ਰੇਸ਼ੀਆ ਗ੍ਰਾਂਟ ਵਜੋਂ ਦਿਤੇ ਜਾਣਗੇ। ਇਸ ਵਿਚ ਸੂਬਾ ਸਰਕਾਰ ਅਤੇ ਮਿਊਂਸਪਲ ਕਾਰਪੋਰੇਸ਼ਨ ਵਲੋਂ 50-50 ਫ਼ੀ ਸਦੀ ਦਾ ਯੋਗਦਾਨ ਪਾਇਆ ਜਾਵੇਗਾ। ਇਸ ਨਾਲ ਹੀ ਤਰਸ ਦੇ ਆਧਾਰ 'ਤੇ ਹਰ ਇਕ ਪਰਵਾਰ ਨੂੰ ਇਕ-ਇਕ ਨੌਕਰੀ ਵੀ ਦਿਤੀ ਜਾਵੇਗੀ। ਘਟਨਾ ਵਿਚ ਪੰਜ ਆਮ ਨਾਗਰਿਕ ਵੀ ਮਾਰੇ ਗਏ ਹਨ। ਉਨ੍ਹਾਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦਿਤੀ ਜਾਵੇਗੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਹਾਦਸੇ ਦੇ ਸਬੰਧ ਵਿਚ ਅਣਗਿਹਲੀ ਵਰਤਣ ਵਾਲੇ ਹਰ ਇਕ ਅਧਿਕਾਰੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।