
ਚੰਡੀਗੜ੍ਹ, 27 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਵਿਚ ਵਾਤਾਵਰਣ ਪ੍ਰਬੰਧ ਨੂੰ ਹੱਲਸ਼ੇਰੀ ਦੇਣ ਦੀ ਕੋਸ਼ਿਸ਼ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸ਼ੁਰੂਆਤੀ ਧੁਰਾ (ਪੰਜਾਬ ਸਟਾਰਟ ਅੱਪ ਹੱਬ) ਸਥਾਪਤ ਕਰਨ ਨੂੰ ਪ੍ਰਵਾਨਗੀ ਦੇ ਦਿਤੀ ਹੈ ਜਿਸ ਹੇਠ ਮੋਹਾਲੀ ਵਿਖੇ ਅਤਿਆਧੁਨਿਕ ਸ਼ੁਰੂਆਤੀ ਕੇਂਦਰ ਸਥਾਪਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਸੂਬੇ ਭਰ ਵਿਚ ਸਨਅਤੀ ਧੁਰੇ ਸਥਾਪਤ ਕਰਨ ਲਈ ਪੰਚਾਇਤੀ ਜ਼ਮੀਨਾਂ ਖ਼ਾਲੀ ਕਰਵਾਏ ਜਾਣ ਦੀ ਪ੍ਰਕਿਆ ਦੌਰਾਨ ਪ੍ਰਭਾਵਤ ਹੋਣ ਵਾਲੇ ਵਿਅਕਤੀਆਂ ਦੇ ਮੁੜ ਵਸੇਬੇ ਵਾਸਤੇ ਖਰੜਾ ਪ੍ਰਸਤਾਵ ਤਿਆਰ ਕਰਨ ਲਈ ਉੱਚ ਪਧਰੀ ਕਮੇਟੀ ਬਣਾਉਣ ਲਈ ਵੀ ਸਹਿਮਤੀ ਦੇ ਦਿਤੀ ਹੈ। ਇਸ ਕਮੇਟੀ ਵਿਚ ਵਿੱਤ ਕਮਿਸ਼ਨਰ ਮਾਲ, ਪ੍ਰਮੁੱਖ ਸਕੱਤਰ ਦਿਹਾਤੀ ਵਿਕਾਸ ਤੇ ਪੰਚਾਇਤ ਅਤੇ ਪ੍ਰਮੁੱਖ ਸਕੱਤਰ ਵਿੱਤ ਹੋਣਗੇ। ਮੁੱਖ ਮੰਤਰੀ ਨੇ ਇਹ ਹਦਾਇਤਾਂ ਪੰਜਾਬ ਉਦਯੋਗਿਕ ਅਤੇ ਬਿਜ਼ਨਸ ਵਿਕਾਸ ਬੋਰਡ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿਤੀਆਂ। ਇਸ ਬੋਰਡ ਦਾ ਗਠਨ ਨਵੀਂ ਸਨਅਤੀ ਨੀਤੀ ਨੂੰ ਬਿਨਾਂ ਕਿਸੇ ਅੜਚਣ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਕੀਤਾ ਗਿਆ ਹੈ।
ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖੇਡਾਂ ਅਤੇ ਚਮੜਾ ਉਦਯੋਗ ਲਈ ਜਲੰਧਰ ਵਿਖੇ ਵਿਸ਼ੇਸ਼ ਆਰਥਕ ਜ਼ੋਨ ਸਥਾਪਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿਤਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਅੰਮ੍ਰਿਤਸਰ-ਕੋਲਕਾਤਾ ਸਨਅਤੀ ਗਲਿਆਰੇ ਹੇਠ ਰਾਜਪੁਰਾ ਵਿਖੇ ਸੰਗਠਤ ਉਤਪਾਦਨੀ ਕਲੱਸਟਰ (ਆਈ.ਐਮ.ਸੀ.) ਦੇ ਅਧੀਨ ਸਰਕਾਰ ਵਲੋਂ ਜ਼ਮੀਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿਚ ਲੰਬਿਤ ਮੁਕੱਦਮੇਬਾਜ਼ੀ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ। ਮੀਟਿੰਗ ਵਿਚ ਮੰਤਰੀ ਰਾਣਾ ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਮੌਜੂਦ ਸਨ।