
ਮ੍ਰਿਤਕਾਂ 'ਚ ਦੋ ਸਕੇ ਭਰਾ ਤੇ ਇਕ ਚਾਚੇ ਦਾ ਲੜਕਾ
ਮੁੱਲਾਂਪੁਰ ਦਾਖਾ, 9 ਮਾਰਚ (ਸੰਜੀਵ): ਸਥਾਨਕ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੂਰ ਪਿੰਡ ਚੱਕ ਕਲਾਂ ਵਿਖੇ ਅੱਜ ਰਾਤ 8 ਵਜੇ ਦੇ ਕਰੀਬ ਸਿੱਧਵਾ ਬ੍ਰਾਂਚ ਦੀ ਨਹਿਰ ਵਿਚ ਸਵਿੱਫ਼ਟ ਕਾਰ ਡਿੱਗਣ ਕਾਰਨ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਸਕੇ ਭਰਾ ਅਤੇ ਇਕ ਚਾਚੇ ਦਾ ਲੜਕਾ ਸੀ। ਮ੍ਰਿਤਕਾਂ ਦੀ ਪਛਾਣ ਕਮਲਜੀਤ ਸਿੰਘ ਉਰਫ਼ ਕਮਲ ਉਸ ਦਾ ਭਰਾ ਦਵਿੰਦਰ ਸਿੰਘ ਉਰਫ਼ ਰਿੱਕੀ ਪੁੱਤਰ ਬਲਵਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਚੱਕ ਕਲਾਂ ਦੇ ਤੌਰ 'ਤੇ ਹੋਈ। ਮ੍ਰਿਤਕ ਕਮਲਜੀਤ ਸਿੰਘ ਤੇ ਦਵਿੰਦਰ ਸਿੰਘ ਦਾ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਿਸ ਵਿਚ ਥਾਣੇਦਾਰ ਹੈ ਅਤੇ ਇਸ ਸਮੇਂ ਉਸ ਦੀ ਡਿਊਟੀ ਜਗਰਾਉਂ ਅਸਲਾ ਬ੍ਰਾਂਚ ਵਿਚ ਹੈ।ਘਟਨਾ ਦੀ ਜਾਣਕਾਰੀ ਮਿਲਦੇ ਹੀ ਜਸਵਿੰਦਰ ਸਿੰਘ ਬਰਾੜ ਡੀ.ਐਸ.ਪੀ ਦਾਖਾ, ਵਿਕਰਮਜੀਤ ਸਿੰਘ ਇੰਸਪੈਕਟਰ ਥਾਣਾ ਦਾਖਾ ਮੌਕੇ 'ਤੇ ਪੁਹੰਚੇ ਤੇ ਅਚਾਨਕ ਉਥੋ ਜਾ ਰਹੇ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਕਲਾਂ ਨੇ ਕਾਰ ਨਹਿਰ ਵਿਚ ਡਿੱਗੀ ਦੇਖ ਕੇ ਪਿੰਡ ਅੰਦਰ ਸੂਚਨਾ ਦਿਤੀ ਅਤ ਖ਼ੁਦ ਨਹਿਰ ਵਿਚ ਜਾ ਕੇ ਕਾਰ ਵਿਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ।
ਇੰਸਪੈਕਟਰ ਵਿਕਰਜੀਤ ਸਿੰਘ ਨੇ ਦਸਿਆ ਕਿ ਕਾਰ ਚਾਲਕ ਕਮਲਜੀਤ ਸਿੰਘ ਅਪਣੇ ਭਰਾ ਦਵਿੰਦਰ ਸਿੰਘ ਅਤੇ ਚਾਚੇ ਦੇ ਲੜਕੇ ਅਕਾਸ਼ਦੀਪ ਸਿੰਘ ਨਾਲ ਅਪਣੀ ਸਵਿੱਫ਼ਟ ਕਾਰ ਨੰਬਰ ਪੀਬੀ47 ਡੀ 7475 ਵਿਚ ਭੂਆ ਦੇ ਲੜਕੇ ਦੀ ਬਰਾਤ ਗਏ ਸਨ ਅਤੇ ਬਰਾਤ ਤੋਂ ਵਾਪਸ ਘਰ ਆਉਣ ਤੋਂ ਬਾਅਦ ਵਾਪਸ ਭੂਆ ਦੇ ਘਰ ਪਿੰਡ ਸਵੱਦੀ ਕਲਾਂ ਵਿਖੇ ਜਾ ਰਹੇ ਸਨ ਅਤੇ ਘਰ ਤੋਂ ਥੋੜੀ ਦੂਰ ਜਦੋਂ ਉਹ ਨਹਿਰ 'ਤੇ ਪੁੱਜੇ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ। ਕਾਰ ਨਹਿਰ ਵਿਚ ਡਿੱਗ ਦੀ ਦੇਖ ਕੇ ਰਾਹਗੀਰਾਂ ਨੇ ਪਿੰਡ ਅੰਦਰ ਸੂਚਨਾ ਦਿਤੀ ਤੇ ਸੂਚਨਾ ਮਿਲਦੇ ਹੀ ਭਾਰੀ ਗਿਣਤੀ ਵਿਚ ਪਿੰਡ ਵਾਸੀ ਨਹਿਰ ਤੇ ਪੁੱਜ ਗਏ। ਬਲਜੀਤ ਸਿੰਘ ਨਾਮ ਦੇ ਤੈਰਾਕ ਨੌਜਵਾਨ ਨੇ ਨਹਿਰ ਵਿਚ ਉੱਤਰ ਕੇ ਕਾਰ ਦੇ ਸ਼ੀਸ਼ੇ ਭੰਨ ਕੇ ਤਿੰਨੇ ਨੌਜਵਾਨਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਤੇ ਪੁਲਿਸ ਨੇ ਐਂਬੂਲੈਂਸ ਰਾਹੀਂ ਨੌਜਵਾਨਾਂ ਨੂੰ ਸਥਾਨਕ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿਚ ਭੇਜ ਦਿਤਾ ਪਰ ਡਾਕਟਰਾਂ ਨੇ ਤਿੰਨੇ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿਤਾ। ਇੰਸਪੈਕਟਰ ਵਿਕਰਮਜੀਤ ਸਿੰਘ ਨੇ ਦਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸੁਧਾਰ ਵਿਖੇ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।