
ਬਠਿੰਡਾ: ਸਥਾਨਕ ਸ਼ਹਿਰ ਵਿਚ ਇਕ ਤਿੰਨ ਸਾਲ ਦੀ ਮਾਸੂਮ ਬੱਚੀ ਨੂੰ ਉਸ ਦੇ ਨਸ਼ਈ ਪਿਉ ਵਲੋਂ ਕਤਲ ਕਰਨ ਦੀ ਦੁਖਦਾਈ ਘਟਨਾ ਵਾਪਰੀ ਹੈ। ਪੁਲਿਸ ਨੇ ਬੱਚੀ ਦੀ ਮਾਂ ਦੇ ਬਿਆਨ ਲੈਣ ਤੋ ਬਾਅਦ ਕਾਤਲ ਪਿਉ, ਦਾਦਾ ਅਤੇ ਦਾਦੀ ਨੂੰ ਹਿਰਾਸਤ ਵਿਚ ਲੈ ਕੇ ਪਰਚਾ ਦਰਜ ਕਰ ਲਿਆ ਹੈ।
ਸਥਾਨਕ ਸਰਕਾਰੀ ਹਸਪਤਾਲ ਵਿਚ ਮ੍ਰਿਤਕ ਬੱਚੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਆਈ ਉਸ ਦੀ ਮਾਂ ਮਮਤਾ ਗੋਇਲ ਨੇ ਦਸਿਆ ਉਸ ਦਾ ਵਿਆਹ 12 ਸਾਲ ਪਹਿਲਾਂ ਤਰਨ ਗੋਇਲ ਪੁੱਤਰ ਮੇਲਾ ਰਾਮ ਦੇ ਨਾਲ ਹੋਇਆ ਸੀ, ਵਿਆਹ ਤੋ ਬਾਅਦ ਉਨ੍ਹਾਂ ਦੇ ਘਰ ਲੜਕੀ ਵੰਸ਼ਿਕਾ (11) ਅਤੇ ਯੰਸ਼ਿਕਾ (3) ਸਾਲ ਪੈਦਾ ਹੋਈਆਂ ਸਨ। ਔਰਤ ਨੇ ਦਸਿਆ ਕਿ ਉਸ ਦਾ ਪਤੀ ਕੋਈ ਕੰਮ ਨਹੀ ਕਰਦਾ ਸੀ ਅਤੇ ਵਿਹਲਾ ਰਹਿਣ ਕਾਰਨ ਉਹ ਨਸ਼ੇ ਦਾ ਆਦੀ ਹੋ ਗਿਆ। ਉਸ ਨੇ ਬਾਹਰਲੀਆਂ ਔਰਤਾਂ ਨਾਲ ਨਾਜਾਇਜ਼ ਸਬੰਧ ਵੀ ਬਣਾ ਲਏ ਸਨ, ਜਿਸ ਕਾਰਨ ਉਨ੍ਹਾਂ ਵਿਚ ਅਕਸਰ ਲੜਾਈ ਝਗੜਾ ਰਹਿੰਦਾ ਸੀ।
ਕਤਲ ਕਰਨ ਤੋ ਬਾਅਦ ਉਕਤ ਵਿਅਕਤੀ ਆਪਣੀ ਪਤਨੀ, ਵੱਡੀ ਲੜਕੀ ਅਤੇ ਛੋਟੀ ਬੱਚੀ ਦੀ ਲਾਸ਼ ਨੂੰ ਮੋਟਰ ਸਾਈਕਲ ਤੇ ਲੈ ਕੇ ਜਾਣ ਲੱਗਿਆ ਤਾਂ ਬੱਚੀ ਦੀ ਮਾਂ ਨੇ ਸਥਾਨਕ ਫੌਜੀ ਚੋਂਕ ਵਿਚ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਮੋਟਰ ਸਾਈਕਲ ਤੋ ਛਾਲ ਮਾਰ ਦਿਤੀ ਅਤੇ ਪੁਲੀਸ ਨੂੰ ਸਾਰੀ ਕਹਾਣੀ ਦੱਸ ਦਿਤੀ ਤੇ ਪੁਲਿਸ ਨੇ ਮੌਕੇ ਤੋ ਹੀ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ। ਕਾਤਲ ਵਿਅਕਤੀ ਦੇ ਨਜਾਇਜ਼ ਸਬੰਧਾਂ ਤੋ ਦੁੱਖੀ ਉਸਦੀ ਪਤਨੀ ਨੇ ਉਸ ਨੂੰ ਆਪਣੀਆਂ ਹਰਕਤਾਂ ਤੋ ਬਾਜ ਆਉਣ ਲਈ ਵਰਜਿਆ ਸੀ। ਜਿਸ ਤੋ ਤੈਸ਼ ਵਿਚ ਆ ਕੇ ਉਕਤ ਵਿਅਕਤੀ ਨੇ ਆਪਣੀ ਮਾਸੂਮ ਬੱਚੀ ਦਾ ਗਲ ਤਾਰ ਨਾਲ ਘੋਟ ਕੇ ਉਸ ਦਾ ਕਤਲ ਕਰ ਦਿਤਾ।