
ਬਠਿੰਡਾ, 12 ਮਾਰਚ (ਸੁਖਜਿੰਦਰ ਮਾਨ): ਨਸ਼ਿਆਂ ਵਿਰੁਧ ਅਪਣੀ ਲੜਾਈ ਨੂੰ ਜਾਰੀ ਰਖਦੇ ਹੋਏ ਪੰਜਾਬ ਸਰਕਾਰ ਦੁਆਰਾ ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਕਸਰ (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫ਼ਿਸਰਜ਼-ਡੇਪੋ) ਬਹੁਪੱਖੀ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ ਜਿਸ 'ਚ ਨਾ ਸਿਰਫ਼ ਨਸ਼ਿਆਂ ਵਿਰੁਧ ਲੜਾਈ ਲੜੀ ਜਾਵੇਗੀ ਬਲਕਿ ਨਸ਼ਿਆਂ ਦੇ ਚੱਕਰ 'ਚ ਫਸੇ ਨੌਜਵਾਨਾਂ ਨੂੰ ਇਲਾਜ ਮੁਹਈਆ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੀ ਪ੍ਰੇਰਤ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਡੇਪੋ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ ਪਿੰਡ ਖੱਟਕੜ ਕਲਾਂ ਤੋਂ 23 ਮਾਰਚ ਨੂੰ ਕਰਨਗੇ ਅਤੇ ਨਾਲ ਹੀ ਸੂਬਾ ਪੱਧਰ 'ਤੇ ਡੇਪੋ ਸਵੈ-ਇੱਛੁਕ ਵਰਕਰਾਂ ਨੂੰ ਵੀ ਸਹੁੰ ਚੁਕਾਈ ਜਾਵੇਗੀ।ਇਸ ਗੱਲ ਦਾ ਪ੍ਰਗਟਾਵਾ ਆਈ.ਜੀ. ਸਪੈਸ਼ਲ ਟਾਸਕ ਫ਼ੋਰਸ ਪੰਜਾਬ ਪੁਲਿਸ ਬਲਕਾਰ ਸਿੱਧੂ ਨੇ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀਆਂ ਦੀ ਇਕ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨਾਲ ਆਈ.ਜੀ. ਬਠਿੰਡਾ ਰੇਂਜ ਮੁਖਵਿੰਦਰ ਸਿੰਘ ਛੀਨਾ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸਿੱਧੂ ਨੇ ਦਸਿਆ ਕਿ ਡੇਪੋ ਪ੍ਰੋਗਰਾਮ ਦਾ ਮੁੱਖ ਮੰਤਵ ਨਸ਼ੇ ਮੁਕਤ ਮੁਹੱਲੇ ਬਣਾਉਣਾ ਹੈ ਅਤੇ ਇਸ ਤਹਿਤ ਕਈ ਜ਼ਿਲ੍ਹਿਆਂ 'ਚ ਵਲੰਟੀਅਰਾਂ ਦੇ ਨਾਂ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ।
ਇਸ ਪ੍ਰੋਗਰਾਮ ਨੂੰ ਜ਼ਮੀਨੀ ਪੱਧਰ 'ਤੇ ਸੁਚੱਜੇ ਤਰੀਕੇ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਮਿਸ਼ਨ ਟੀਮਾਂ ਵੀ ਬਣਾਈਆਂ ਗਈਆਂ ਹਨ। ਸਬੰਧਤ ਜ਼ਿਲ੍ਹੇ ਦੇ ਡੀ.ਸੀ., ਐਸ.ਐਸ.ਪੀ., ਸਿਵਲ ਸਰਜਨ ਅਤੇ ਹੋਰ ਜ਼ਿਲ੍ਹਾ ਅਫ਼ਸਰ ਇਨ੍ਹਾਂ ਜ਼ਿਲ੍ਹਾ ਪੱਧਰੀ ਟੀਮਾਂ 'ਚ ਸ਼ਾਮਲ ਹੋਣਗੇ। ਇਸ ਤਰ੍ਹਾਂ ਦੀ ਹੀ ਟੀਮਾਂ ਅੱਗੇ ਸਬ-ਡਵੀਜ਼ਨ ਅਤੇ ਪਿੰਡ ਪੱਧਰ 'ਤੇ ਵੀ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਸ਼ਿਆਂ ਨੂੰ ਖ਼ਤਮ ਕਰਨ 'ਚ ਅਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੁੰਦਾ ਹੈ ਤਾਂ ਉਹ ਡੇਪੋ ਵਲੰਟੀਅਰ ਵਜੋਂ ਅਪਣਾ ਪੰਜੀਕਰਨ ਕਰਵਾ ਸਕਦਾ ਹੈ। ਡੇਪੋ ਵਲੰਟੀਅਰਾਂ ਨੂੰ ਸਿਖਲਾਈ ਦਿਤੀ ਜਾਵੇਗੀ ਅਤੇ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਡੇਪੋ ਵਲੰਟੀਅਰ ਬਨਣ ਲਈ ਫ਼ਾਰਮ ਸਾਂਝ ਕੇਂਦਰਾਂ ਜਾਂ ਵੈੱਬਸਾਈਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਬੋਲਦਿਆਂ ਆਈ.ਜੀ. ਬਠਿੰਡਾ ਰੇਂਜ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਨਸ਼ੇ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਸਰਕਾਰ ਦੁਆਰਾ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇਗਾ। ਇਨ੍ਹਾਂ ਮਰੀਜ਼ਾਂ ਨੂੰ ਸਰਕਾਰ ਖ਼ਾਸ ਤਰੀਕੇ ਦੇ ਕਾਰਡ ਜਾਰੀ ਕਰੇਗੀ ਜਿਸ ਨਾਲ ਕਿ ਮਰੀਜ਼ਾਂ ਸਬੰਧੀ ਜਾਣਕਾਰੀ ਆਸਾਨੀ ਨਾਲ ਮੁਹਈਆ ਕਰਵਾਈ ਜਾ ਸਕੇਗੀ। ਉਨ੍ਹਾਂ ਦਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਆਊਟ ਪੇਸ਼ੰਟ ਓ.ਪੀ.ਓ.ਡੀ. ਐਸਿਟਿਡ ਟਰੀਟਮੈਂਟ ਰਾਹੀਂ ਇਲਾਜ ਮੁਹਈਆ ਕਰਵਾਇਆ ਜਾਵੇਗਾ।