
ਊਧਨਵਾਲ,
28 ਸਤੰਬਰ (ਬਿਕਰਮਜੀਤ ਸਿੰਘ ਖ਼ਾਲਸਾ): ਪਿਛਲੇ 10 ਸਾਲਾਂ ਵਿਚ ਮਾਫ਼ੀਆ ਰਾਜ ਦੀ
ਪੁਸ਼ਤਪਨਾਹੀ ਕਰ ਕੇ ਸੂਬੇ ਨੂੰ ਤਬਾਹ ਕਰਨ 'ਤੇ ਸੁਖਬੀਰ ਸਿੰਘ ਬਾਦਲ ਉਪਰ ਤਿੱਖਾ ਹਮਲਾ
ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਉਮੀਦਵਾਰ
ਸੁਨੀਲ ਜਾਖੜ ਨੇ ਆਖਿਆ ਕਿ ਜਿਹੜਾ ਅਕਾਲੀ ਲੀਡਰ ਅਪਣੇ ਹੋਟਲ ਸੁਖਵਿਲਾਸ ਦਾ ਇਕ ਰਾਤ ਦਾ
ਕਿਰਾਇਆ ਪੰਜ ਲੱਖ ਰੁਪਏ ਲੈਂਦਾ ਹੋਵੇ, ਉਸ ਨੂੰ ਕਿਸਾਨਾਂ ਲਈ ਦੋ ਲੱਖ ਰੁਪਏ ਦੀ ਕਰਜ਼ਾ
ਮੁਆਫ਼ੀ ਨਿਗੂਣੀ ਹੀ ਜਾਪੇਗੀ।
ਸੁਖਬੀਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਮਾਮੂਲੀ
ਦਸਣ ਲਈ ਸਖ਼ਤ ਆਲੋਚਨਾ ਕਰਦਿਆਂ ਜਾਖੜ ਨੇ ਆਖਿਆ ਕਿ ਜੇਕਰ ਅਕਾਲੀ ਖ਼ਜ਼ਾਨੇ ਵਿਚ ਕੋਈ ਪੈਸਾ
ਛੱਡ ਕੇ ਜਾਂਦੇ ਤਾਂ ਕਾਂਗਰਸ ਸਰਕਾਰ ਕਿਸਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਭਲੇ ਲਈ ਇਸ
ਤੋਂ ਵੀ ਵੱਧ ਕਦਮ ਜ਼ਰੂਰ ਚੁਕਦੀ। ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ
ਕਾਂਗਰਸ ਵੱਲੋਂ ਚੋਣ ਲੜ ਰਹੇ ਉਮੀਦਵਾਰ ਨੇ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨੂੰ
ਤਹਿਸ-ਨਹਿਸ ਕਰ ਕੇ ਜੰਗਲ ਰਾਜ ਕਾਇਮ ਕਰਨ ਤੋਂ ਬਾਅਦ ਜਬਰ ਵਿਰੋਧੀ ਰੈਲੀ ਕਰਨ ਲਈ ਸੁਖਬੀਰ
ਬਾਦਲ ਦੀ ਖਿੱਲੀ ਉਠਾਈ। ਗੁਰਦਾਸਪੁਰ ਹਲਕੇ ਵਿਚ ਵਰਕਰਾਂ ਨਾਲ ਲੜੀਵਾਰ ਮੀਟਿੰਗ ਦੌਰਾਨ
ਅਪਣੇ ਸੰਬੋਧਨ ਵਿਚ ਜਾਖੜ ਨੇ ਆਖਿਆ ਕਿ ਅਕਾਲੀ-ਭਾਜਪਾ ਵਲੋਂ ਭਾਵੇਂ ਇਕਜੁਟਤਾ ਦਾ ਦਿਖਾਵਾ
ਕੀਤਾ ਜਾ ਰਿਹਾ ਹੈ ਪਰ ਅਸਲ ਵਿਚ ਇਨ੍ਹਾਂ ਦੋਵਾਂ ਪਾਰਟੀਆਂ ਦਰਮਿਆਨ ਸੱਭ ਚੰਗਾ ਨਹੀਂ ਹੈ
ਅਤੇ ਨਾ ਹੀ ਇਨ੍ਹਾਂ ਨੂੰ ਲੋਕਾਂ ਦੀ ਨਬਜ਼ ਦੀ ਕੋਈ ਸਮਝ ਹੈ। ਜਾਖੜ ਨੇ ਆਖਿਆ ਕਿ ਵਿਧਾਨ
ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਤੀਜੇ ਸਥਾਨ 'ਤੇ ਸਬਰ ਕਰਨਾ ਪਿਆ ਅਤੇ ਭਾਜਪਾ ਨੂੰ ਵੀ
ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਬਾਦਲਾਂ ਅਤੇ ਅਕਾਲੀਆਂ ਨੇ ਪੰਜਾਬ ਦੇ ਪੱਲੇ ਕੱਖ ਵੀ
ਨਹੀਂ ਛਡਿਆ।
ਜਾਖੜ ਨੇ ਪੰਜਾਬ ਰੋਡਵੇਜ਼ ਦੀ ਬਹਾਲੀ ਅਤੇ ਗੁਰਦਾਸਪੁਰ ਖੰਡ ਮਿੱਲ ਦੀ
ਸਮਰੱਥਾ ਵਧਾਉਣ ਦਾ ਵਾਅਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਨਅਤੀ ਵਿਕਾਸ ਤੇ ਰੁਜ਼ਗਾਰ ਦੇ
ਮੌਕੇ ਪੈਦਾ ਕਰਨ ਲਈ ਉਹ ਕੇਂਦਰ ਸਰਕਾਰ ਅੱਗੇ ਆਵਾਜ਼ ਉਠਾਉਣਗੇ। ਉਨ੍ਹਾਂ ਆਖਿਆ ਕਿ ਕੇਂਦਰ
ਸਰਕਾਰ ਨੇ ਪਿਛਲੇ ਛੇ ਮਹੀਨਿਆਂ ਵਿਚ ਮਗਨਰੇਗਾ ਦੀ ਉਜਰਤ ਜਾਰੀ ਨਹੀਂ ਕੀਤੀ ਜਿਸ ਨੇ
ਪੰਜਾਬ ਵਿਚ ਰੁਜ਼ਗਾਰ 'ਤੇ ਬੁਰਾ ਪ੍ਰਭਾਵ ਪਾਇਆ ਹੈ। ਜਾਖੜ ਨੇ 32000 ਕਰੋੜ ਰੁਪਏ ਦੇ
ਅਨਾਜ ਘਪਲੇ ਦਾ ਮਸਲਾ ਸੰਸਦ ਵਿਚ ਉਠਾਉਣ ਦਾ ਪ੍ਰਣ ਕਰਦਿਆਂ ਕਿਹਾ ਕਿ ਉਹ ਸੂਬੇ ਦਾ ਇਕ-ਇਕ
ਪੈਸਾ ਵਾਪਸ ਲੈ ਕੇ ਆਉਣਗੇ। ਜਾਖੜ ਨਾਲ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਕੁਲਜੀਤ ਸਿੰਘ
ਨਾਗਰਾ, ਹਰਦਿਆਲ ਸਿੰਘ ਕੰਬੋਜ ਅਤੇ ਬਰਿੰਦਰਮੀਤ ਸਿੰਘ ਪਾਹੜਾ ਵੀ ਹਾਜ਼ਰ ਸਨ।