
ਚੰਡੀਗੜ੍ਹ, 1 ਮਾਰਚ (ਸਸਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਉਦਯਿਗਕ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਲ ਪੂਰੀ ਤਨਦੇਹੀ ਨਾਲ ਧਿਆਨ ਦਿਤਾ ਜਾ ਰਿਹਾ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਨਿਵੇਸ਼ਕਾਂ ਵਿਚ ਵਿਸ਼ਵਾਸ ਦੀ ਬਹਾਲੀ ਕਰਨਾ ਸੱਭ ਤੋਂ ਅਹਿਮ ਹੈ ਜਿਸ ਸਬੰਧੀ ਸਰਕਾਰ ਕੋਈ ਕਸਰ ਬਾਕੀ ਨਹੀਂ ਛਡੇਗੀ। ਇਹ ਗੱਲ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਐਸੋਚਮ (ਏ.ਐਸ.ਐਸ. ਓ.ਸੀ. ਐਚ.ਐਮ.) ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਐਸੋਚੈਮ ਵਲੋਂ ਮੁਹਾਲੀ ਵਿਖੇ ਖੇਤਰੀ ਮੁੱਖ ਦਫ਼ਤਰ ਬਣਾਇਆ ਜਾ ਰਿਹਾ ਜਿਸ ਦੇ ਨੀਂਹ ਪੱਥਰ ਰੱਖਣ ਦੀ ਰਸਮ ਅੱਜ ਇਥੇ ਹੋਟਲ ਤਾਜ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ. ਸਿੱਧੂ ਵਲੋਂ ਕੀਤੀ ਗਈ।
ਅਪਣੇ ਸੰਬੋਧਨ ਦੌਰਾਨ ਸਰਵਿਸ ਅਤੇ ਉਤਪਾਦਨ (ਮੈਨੂਫੈਕਚਰਿੰਗ) ਖੇਤਰਾਂ ਨੂੰ ਬੇਹੱਦ ਮਹੱਤਵਪੂਰਨ ਦਸਦਿਆਂ ਸ.ਸਿੱਧੂ ਨੇ ਕਿਹਾ ਕਿ ਦੁਨੀਆਂ ਦਾ ਕੋਈ ਵੀ ਵਿਕਸਿਤ ਅਰਥਚਾਰਾ ਇਨ੍ਹਾਂ ਦੋਵਾਂ ਖੇਤਰਾਂ ਨੂੰ ਅਣਗੌਲਿਆ ਨਹੀਂ ਕਰਦਾ। ਸ. ਸਿੱਧੂ ਨੇ ਹੋਰ ਵਿਕਾਸਮੁਖੀ ਗੱਲਾਂ ਕਰਦਿਆਂ ਕਿਹਾ ਕਿ ਪੰਜਾਬ ਸੈਰ ਸਪਾਟਾ, ਛੋਟੇ ਤੇ ਲਘੂ ਉਦਯੋਗਾਂ, ਲੈਂਡਬੈਂਕਸ ਨੂੰ ਕਾਇਮ ਕਰਨਾ, ਫੂਡ ਪ੍ਰਾਸੈਸਿੰਗ, ਐਰੋਸਪੇਸ, ਰੱਖਿਆ ਉਤਪਾਦਨ ਅਤੇ ਟੈਕਟੀਕਲ ਟੈਕਸਟਾਈਲ ਆਦਿ ਖੇਤਰਾਂ ਵਿੱਚ ਅਸੀਮ ਸੰਭਾਵਨਾਵਾਂ ਰੱਖਦਾ ਹੈ ਜਿਨ੍ਹਾਂ ਦਾ ਭਰਪੂਰ ਰਿਸਤੇਮਾਲ ਕਰ ਕੇ ਅਤੇ ਬਦਲਦੇ ਸਮੇਂ ਅਨੁਸਾਰ ਤਕਨੀਕੀ ਪੁਲਾਂਗਾਂ ਪੁੱਟ ਕੇ ਇਕ ਸਕਤੀਸ਼ਾਲੀ ਅਰਥਚਾਰਾ ਬਣ ਸਕਦਾ ਹੈ। ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਦਿੰਦਿਆਂ ਐਸੋਚੈਮ ਦੇ ਪ੍ਰਧਾਨ ਸ੍ਰੀ ਸੰਦੀਪ ਜਜੋਡੀਆ ਨੇ ਕਿਹਾ ਕਿ ਪੰਜਾਬ ਉਦਮੀਆਂ ਦਾ ਗੜ੍ਹ ਹੈ ਅਤੇ ਸਮਾਂ ਇਹ ਮੰਗ ਕਰਦਾ ਹੈ ਕਿ ਹੁਨਰ ਵਿਕਾਸ ਰਾਹੀਂ ਸੂਬੇ ਦੀ ਅਸੀਮਤ ਸਮਰਥਾ ਦਾ ਸਹੀ ਇਸਤੇਮਾਲ ਹੋਵੇ।