
ਐਸ.ਏ.ਐਸ.ਨਗਰ,
5 ਸਤੰਬਰ (ਸੁਖਦੀਪ ਸਿੰਘ ਸੋਈਂ) : ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੇ ਸੈਕਟਰ 78
ਦੇ ਸਪੋਰਟਸ ਸਟੇਡੀਅਮ ਵਿਖੇ ਘਰ-ਘਰ ਰੁਜ਼ਗਾਰ ਸਕੀਮ ਤਹਿਤ ਕਰਵਾਏ ਗਏ ਜੌਬ ਮੇਲੇ ਦੌਰਾਨ
ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਨੌਕਰੀ ਮੇਲਾ ਪਹਿਲਾ ਨੌਕਰੀ ਮੇਲਾ ਹੈ ਅਤੇ ਸਾਲ
ਵਿਚ ਦੋ ਨੌਕਰੀ ਮੇਲੇ ਕਰਵਾਏ ਜਾਣਗੇ। ਬੜਾ ਦੁੱਖ ਹੁੰਦਾ ਹੈ ਜਦੋਂ ਬੀ ਟੈਕ, ਐਮ ਟੈਕ ਅਤੇ
ਹੋਰ ਉਚ ਸਿਖਿਆ ਪ੍ਰਾਪਤ ਨੌਜਵਾਨਾਂ ਨੁੰ ਬੇਰੁਜ਼ਗਾਰ ਦੇਖੀਦਾ ਹੈ। ਨੌਜਵਾਨਾਂ ਨੂੰ ਸਖ਼ਤ
ਮਿਹਨਤ ਨਾਲ ਅਪਣੀ ਜ਼ਿੰਦਗੀ ਸਫ਼ਲ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪਿਛਲੇ
ਸਮੇਂ ਦੌਰਾਨ ਬਹੁਤ ਹੀ ਔਖੀ ਘੜੀ ਵਿਚੋਂ ਲੰਘਿਆ ਹੈ ਪਹਿਲਾਂ 1964 ਦਾ ਯੁੱਧ ਫਿਰ 1971
ਦਾ ਯੁੱਧ ਤੇ ਫਿਰ ਕੁੱਝ ਸਾਲ ਪਹਿਲਾਂ ਕਾਰਗਿਲ ਯੁੱਧ ਦਾ ਪੰਜਾਬ ਉਪਰ ਮਾੜਾ ਅਸਰ ਪਿਆ ਹੈ।
ਪੰਜਾਬ ਸਰਹੱਦੀ ਏਰੀਆ ਹੋਣ ਕਰ ਕੇ ਇਨ੍ਹਾਂ ਯੁੱਧਾਂ ਦਾ ਸ਼ਿਕਾਰ ਹੋਇਆ ਹੈ। ਉਨ੍ਹਾਂ ਕਿਹਾ
ਕਿ ਅੱਜ ਜੋ ਨੌਕਰੀ ਮੇਲਾ ਕਰਵਾਇਆ ਗਿਆ ਹੈ, ਉਸ ਵਿਚ 2 ਲੱਖ 36 ਹਜ਼ਾਰ ਨੌਕਰੀਆਂ ਦੇਣ ਦਾ
ਟੀਚਾ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਇੰਡਸਟਰੀ ਨਾਲ ਵੀ ਸਮਝੌਤਾ ਕੀਤਾ
ਗਿਆ ਹੈ ਜਿਸ ਤਹਿਤ ਹਜ਼ਾਰਾਂ ਨੌਕਰੀਆਂ ਬੇਰੁਜ਼ਗਾਰ ਨੌਜਵਾਨਾਂ ਨੂੰ ਦਿਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤਕ ਦੇ ਅਪਣੇ ਕਾਰਜਕਾਲ ਦੌਰਾਨ 3 ਹਜ਼ਾਰ ਸਰਕਾਰੀ
ਅਤੇ 27 ਹਜ਼ਾਰ ਪ੍ਰਾਈਵੇਟ ਨੌਕਰੀਆਂ ਦਿਤੀਆਂ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ
47 ਹਜ਼ਾਰ ਹੋਰ ਸਰਕਾਰੀ ਨੌਕਰੀਆਂ ਦਿਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਾਲ ਵਿਚ 3
ਲੱਖ ਸਰਕਾਰੀ ਨੌਕਰੀਆਂ ਦੇਣ ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ
ਜਿਹੜੀਆਂ ਇੰਡਸਟਰੀਆਂ ਬੰਦ ਹੋ ਗਈਆਂ ਹਨ ਉਨ੍ਹਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ। ਇਸ
ਤੋਂ ਇਲਾਵਾ ਦੂਜੇ ਦੇਸ਼ਾਂ ਅਤੇ ਦੂਜੇ ਰਾਜਾਂ ਤੋਂ ਪੰਜਾਬ ਵਿਚ ਇੰਡਸਟਰੀ ਨੂੰ ਲਿਆਂਦਾ
ਜਾਵੇਗਾ। ਪੰਜਾਬ ਵਿਚ ਇਸ ਸਮੇਂ ਇੰਡਸਟਰੀ ਡਾਵਾਂਡੋਲ ਹੋਈ ਪਈ ਹੈ ਜਿਸ ਨੂੰ ਮੁੜ ਲੀਹਾਂ
ਉਪਰ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਵਿੱਤ ਮੰਤਰੀ
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਚੋਣ ਮੈਨੀਫ਼ੈਸਟੋ ਵਿਚ ਜੋ ਵਾਅਦੇ ਕੀਤੇ
ਸਨ, ਉਨ੍ਹਾਂ ਨੂੰ ਪੂਰਾ ਕਰਨ ਵਲ ਅੱਗੇ ਵੱਧ ਰਹੀ ਹੈ। ਹਰ ਘਰ ਨੌਕਰੀ ਦੇਣ ਦਾ ਵਾਅਦਾ ਵੀ
ਕਾਂਗਰਸ ਨੇ ਚੋਣਾਂ ਸਮੇਂ ਕੀਤਾ ਸੀ ਜਿਸ ਵਾਅਦੇ ਨੂੰ ਪੂਰਾ ਕਰਨ ਲਈ ਅੱਜ ਪੰਜਾਬ ਦੀ
ਕਾਂਗਰਸ ਸਰਕਾਰ ਵਲੋਂ ਵੱਡੇ ਪੱਧਰ ਉਪਰ ਨੌਕਰੀ ਮੇਲਾ ਲਗਾਇਆ ਗਿਆ ਹੈ।
ਇਸ ਮੌਕੇ
ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਦੀ
ਕਾਂਗਰਸ ਸਰਕਾਰ ਤੋਂ ਹਰ ਵਰਗ ਸੰਤੁਸ਼ਟ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਹਰ ਵਰਗ ਦੀ
ਭਲਾਈ ਲਈ ਉਪਰਾਲੇ ਕਰ ਰਹੀ ਹੈ। ਇਸ ਮੌਕੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ,
ਵਿਧਾਇਕ ਬਲਬੀਰ ਸਿੱਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਥਾਨਕ ਸਰਕਾਰਾ ਮੰਤਰੀ ਨਵਜੋਤ
ਸਿੰਘ ਸਿੱਧੂ, ਸਿਖਿਆ ਮੰਤਰੀ ਅਰੁਣਾ ਚੌਧਰੀ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਗੁਰਪ੍ਰੀਤ
ਸਿੰਘ ਜੀ.ਪੀ. ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ, ਪ੍ਰਸ਼ਾਸਨਿਕ ਅਤੇ ਪੁਲਿਸ
ਅਧਿਕਾਰੀ ਵੀ ਮੌਜੂਦ ਸਨ।