
ਸਿਆਸਤਦਾਨਾਂ ਨੇ ਗੰਦੀ ਸਿਆਸਤ ਖੇਡੀ ਜ਼ਰੂਰ ਪਰ ਪੰਜਾਬੀਅਤ ਦਾ ਬਟਵਾਰਾ ਨਹੀਂ ਕਰਵਾ ਸਕੇ : ਡੋਗਰ
ਮਾਲੇਰਕੋਟਲਾ, 6 ਫ਼ਰਵਰੀ (ਇਸਮਾਈਲ ਏਸ਼ੀਆ/ਬਲਵਿੰਦਰ ਸਿੰਘ ਭੁੱਲਰ): ਬੇਸ਼ੱਕ 1947 'ਚ ਸੱਤਾ ਪ੍ਰਾਪਤੀ ਲਈ ਉਸ ਵਕਤ ਦੇ ਸਿਆਸਤਦਾਨਾਂ ਨੇ ਗੰਦੀ ਸਿਆਸਤ ਖੇਡਦਿਆਂ ਪੰਜਾਬੀਆਂ ਦਾ ਬੇਤਹਾਸ਼ਾ ਖ਼ੂਨ ਵਹਾ ਕੇ ਮੁਲਕ ਦੇ ਦੋ ਹਿੱਸੇ ਤਾਂ ਕਰਵਾ ਦਿਤੇ, ਜਿਸ ਲਈ ਪੰਜਾਬੀ ਭਾਈਚਾਰੇ ਨੂੰ ਇਸ ਦਾ ਖ਼ਮਿਆਜ਼ਾ ਬੇਸ਼ੱਕ ਉਸ ਵਕਤ ਜਾਨਾਂ ਦੇ ਕੇ ਅਦਾ ਕਰਨਾ ਪਿਆ, ਜਿਸ ਦੀ ਚੀਸ ਅੱਜ ਤਕ ਦੋਹੇਂ ਪੰਜਾਬਾਂ ਦੇ ਪੰਜਾਬੀ ਭਾਈਚਾਰੇ ਨੂੰ ਮਹਿਸੂਸ ਹੋ ਰਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਾਮਵਰ ਪੰਜਾਬੀ ਲੇਖਕ ਅਤੇ ਰੋਜ਼ਾਨਾ ਸਪੋਕਸਮੈਨ ਵਿਚ 'ਪਾਕਿਸਤਾਨੀ ਪੰਜਾਬ ਵਿਚ ਕੋਈ ਸਿੱਖ ਜੱਥਾ ਕਦੇ ਵੀ ਜਰਾਇਮ ਪੇਸ਼ਾ ਨਹੀਂ ਐਲਾਨਿਆ ਗਿਆ' ਕਈ ਕਿਸ਼ਤਾਂ ਵਿਚ ਛਪੇ ਲੇਖ ਦੇ ਲਿਖਾਰੀ ਤੇ ਲਹਿੰਦੇ ਪੰਜਾਬ ਦੇ ਵਾਸੇ ਗ਼ੁਲਾਮ ਮੁਸਤਫ਼ਾ ਡੋਗਰ ਨੇ ਪ੍ਰਗਟਾਏ।
ਉਹ ਇਨ੍ਹੀਂ ਦਿਨੀਂ ਨਵੀਂ ਦਿੱਲੀ ਵਿਖੇ ਹੋਈ 'ਅੰਤਰਰਾਸ਼ਟਰੀ ਪੰਜਾਬੀ' ਕਾਨਫ਼ਰੰਸ ਬਤੌਰ ਡੈਲੀਗੇਟ ਹਾਜ਼ਰੀ ਲਗਵਾ ਕੇ ਭਾਰਤੀ ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਵਿਖੇ ਅਪਣੇ ਦੋਸਤਾਂ ਅਤੇ ਬਰਾਦਰੀ ਭਰਾਵਾਂ ਨੂੰ ਕੁੱਝ ਦੇਰ ਲਈ ਮਿਲਣ ਲਈ ਤਸ਼ਰੀਫ਼ ਲਿਆਏ। ਉਨ੍ਹਾਂ ਕਿਹਾ ਕਿ ਭਾਵੇਂ 1947 'ਚ ਅੰਗਰੇਜ਼ਾਂ ਤੇ ਕੁੱਝ ਕੁ ਸਾਡੇ ਆਗੂਆਂ ਨੇ ਗੰਦੀ ਸਿਆਸਤ ਖੇਡ ਕੇ ਪੰਜਾਬ ਦੀ ਛਾਤੀ 'ਤੇ ਲੀਕ ਜ਼ਰੂਰ ਮਾਰ ਦਿਤੀ ਪਰ ਉਹ ਪੰਜਾਬੀਅਤ ਨੂੰ ਨਾ ਵੰਡ ਸਕੇ। ਇਸ ਮੌਕੇ ਉੁਨ੍ਹਾਂ ਮੰਗ ਕੀਤੀ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਿਲ ਬੈਠ ਕੇ ਵੀਜ਼ਾ ਸ਼ਰਤਾਂ ਨਰਮ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਕੋਈ ਵੀ ਪੰਜਾਬੀ ਸਿੱਖ, ਮੁਸਲਮਾਨ ਹਿੰਦੂ ਨਾ ਹੋ ਕੇ ਇਕ ਪੰਜਾਬੀ ਹੋਣ ਦੇ ਨਾਤੇ ਅਪਣੀ ਜਨਮ ਭੂਮੀ ਤੇ ਬਚਪਨ ਦੇ ਯਾਰਾਂ ਨਾਲ ਮਿਲ ਬੈਠ ਕੇ ਅਪਣੀਆਂ ਯਾਦਾਂ ਤਾਜ਼ੀਆਂ ਕਰ ਸਕਣ।