
ਐਸ.ਏ.ਐਸ. ਨਗਰ, 20 ਦਸੰਬਰ (ਪ੍ਰਭਸਿਮਰਨ ਸਿੰਘ ਘੱਗਾ) : ਸ਼੍ਰੋਮਣੀ ਅਕਾਲੀ ਦਲ ਮੋਹਾਲੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਅਗਵਾਈ ਹੇਠ ਅਕਾਲੀ ਅਤੇ ਭਾਜਪਾ ਨਾਲ ਸਬੰਧਿਤ ਕੌਂਸਲਰਾਂ ਦਾ ਇਕ ਵਫ਼ਦ ਏ.ਸੀ.ਏ. ਗਮਾਡਾ ਰਾਜੇਸ਼ ਧੀਮਾਨ ਨੂੰ ਮਿਲਿਆ। ਵਫ਼ਦ ਨੇ ਗਮਾਡਾ ਅਧਿਕਾਰੀ ਨੂੰ ਦਸਿਆ ਕਿ ਸੈਕਟਰ 66 ਤੋਂ ਲੈ ਕੇ 69 ਅਤੇ ਸੈਕਟਰ 78 ਤੋਂ ਲੈ ਕੇ 80 ਤਕ ਜੋ ਕਿ ਪਾਣੀ ਦੇ ਬਿਲ ਦਸੰਬਰ ਮਹੀਨੇ ਵਿਚ ਉਪ ਮੰਡਲ ਇੰਜੀਨੀਅਰ (ਜਨ ਸਿਹਤ) ਗਮਾਡਾ ਵਲੋਂ ਭੇਜੇ ਗਏ ਹਨ, ਵਿਚ ਪਿਛਲੇ ਬਿਲ ਨਾਲੋਂ ਪਾਣੀ ਦੇ ਰੇਟਾਂ ਵਿਚ 400 ਗੁਣਾ ਵਾਧਾ ਕਰ ਦਿਤਾ ਗਿਆ ਹੈ। ਇਸ ਏਰੀਏ ਵਿਚ ਪਾਣੀ ਦੀ ਸਪਲਾਈ ਦੀ ਹਾਲਤ ਕਾਫ਼ੀ ਮਾੜੀ ਹੈ ਕਿਉਂਕਿ ਪਾਣੀ ਸਵੇਰੇ, ਦੁਪਹਿਰ ਅਤੇ ਸ਼ਾਮ ਜ਼ਰੂਰਤ ਵੇਲੇ ਸਹੀ ਪ੍ਰੈਸ਼ਰ ਉਪਰਲੀਆਂ ਮੰਜ਼ਿਲਾਂ ਤਕ ਨਹੀਂ ਪਹੁੰਚਦਾ ਹੈ। ਪਾਣੀ ਦੀ ਸਪਲਾਈ ਦਾ ਸਮਾਂ ਵੀ ਬਹੁਤ ਘੱਟ ਹੈ ਅਤੇ ਇਨ੍ਹਾਂ ਸੈਕਟਰਾਂ ਵਿਚ ਬੂਸਟਰ ਦਾ ਪ੍ਰਬੰਧ ਵੀ ਨਹੀਂ ਹੈ।ਜਥੇਦਾਰ ਕੁੰਭੜਾ ਦੀ ਅਗਵਾਈ ਵਿਚ ਕੌਂਸਲਰਾਂ ਦੇ ਵਫ਼ਦ ਨੇ ਗਮਾਡਾ ਨੂੰ ਚਿਤਾਵਨੀ ਦਿਤੀ ਕਿ ਜੇਕਰ ਉਕਤ ਸੈਕਟਰਾਂ ਵਿਚ ਪਾਣੀ ਦੇ ਬਿਲਾਂ ਵਿਚ ਕੀਤੇ 400 ਗੁਣਾਂ ਦਾ ਵਾਧਾ ਵਾਪਸ ਨਾ ਲਿਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਗਮਾਡਾ ਖਿਲਾਫ਼ ਪਹਿਲਾਂ ਤਾਂ ਸ਼ਾਂਤੀਪੂਰਨ ਸੰਘਰਸ਼ ਕਰਨਗੇ। ਵਫ਼ਦ ਵਲੋਂ ਗਮਾਡਾ ਅਧਿਕਾਰੀ ਨੂੰ ਵਾਧਾ ਵਪਿਸ ਲਏ ਜਾਣ ਸਬੰਧੀ ਇਕ ਮੈਮੋਰੰਡਮ ਵੀ ਦਿਤਾ ਗਿਆ।ਵਫ਼ਦ ਵਿਚ ਸਤਬੀਰ ਸਿੰਘ ਧਨੋਆ, ਪਰਮਿੰਦਰ ਸਿੰਘ ਸੋਹਾਣਾ, ਪਰਵਿੰਦਰ ਸਿੰਘ ਤਸਿੰਬਲੀ, ਸਿੰਦਰਪਾਲ ਸਿੰਘ ਬੌਬੀ ਕੰਬੋਜ਼, ਸੁਰਿੰਦਰ ਸਿੰਘ ਰੋਡਾ, ਰਾਜਿੰਦਰ ਕੌਰ ਕੁੰਭੜਾ, ਜਸਵੀਰ ਕੌਰ, ਰਜਨੀ ਗੋਇਲ, ਰਮਨਪ੍ਰੀਤ ਕੌਰ ਕੁੰਭੜਾ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰ ਪ੍ਰਧਾਨ ਅਤੇ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ (ਸਾਰੇ ਕੌਂਸਲਰ) ਹਾਜ਼ਰ ਸਨ।