
ਪਾਤੜਾਂ: ਭੁੱਕੀ ਵੇਚਣ ਦੇ ਦੋਸ਼ਾਂ ਤਹਿਤ ਪਿੰਡ ਦੀ ਧਰਮਸਾਲਾ ਵਿਚ ਬੈਠੇ 65 ਸਾਲਾ ਬਜ਼ੁਰਗ ਨੂੰ ਘੱਗਾ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਮਗਰੋਂ ਥਾਣੇ ਲੈ ਕੇ ਜਾਂਦਿਆਂ ਰਸਤੇ ਵਿਚ ਉਸਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋ ਇਸ ਗੱਲ ਦੀ ਭਿਣਕ ਇਲਾਕੇ ਦੇ ਲੋਕਾਂ ਪਈ ਤਾਂ ਪੁਲਿਸ ਮੁਲਾਜ਼ਮ ਮ੍ਰਿਤਕ ਦੀ ਲਾਸ਼ ਨੂੰ ਗੱਡੀ ਵਿਚ ਛੱਡ ਕੇ ਫ਼ਰਾਰ ਹੋ ਗਏ।
ਪੁਲਿਸ ਹਿਰਾਸਤ ਵਿਚ ਹੋਈ ਮੌਤ ਨੂੰ ਲੈ ਕੇ ਪਿੰਡ ਵਾਸੀਆਂ ਸਮੇਤ ਇਲਾਕੇ ਦੇ ਲੋਕਾਂ ਵਿਚ ਗੁੱਸਾ ਫੈਲ ਗਿਆ 'ਤੇ ਉਨ੍ਹਾਂ ਦੋਸ਼ੀ ਪੁਲਿਸ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਮ੍ਰਿਤਕ ਬਜ਼ੁਰਗ ਦੀ ਲਾਸ਼ ਵਾਲੀ ਗੱਡੀ ਸੜਕ ਸੜਕ 'ਤੇ ਖੜੀ ਕਰ ਕੇ ਪਾਤੜਾਂ ਪਟਿਆਲਾ ਮੁੱਖ ਮਾਰਗ ਨੂੰ ਜਾਮ ਕਰ ਦਿਤਾ। ਇਸ ਦੌਰਾਨ ਥਾਣਾ ਘੱਗਾ ਦੇ ਮੁਖੀ ਗੁਰਮੀਤ ਸਿੰਘ ਵਲੋਂ ਭੜਕੇ ਲੋਕਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਲੋਕਾਂ ਦਾ ਰੋਹ ਸ਼ਾਂਤ ਨਾ ਹੋਇਆ ਜਿਸ ਮਗਰੋਂ ਡੀ.ਐੱਸ.ਪੀ ਪਾਤੜਾਂ ਦਵਿੰਦਰ ਅੱਤਰੀ ਧਰਨੇ ਵਾਲੀ ਥਾਂ ਉਤੇ ਪਹੁੰਚੇ। ਉਨ੍ਹਾਂ ਤਿੰਨ ਮੁਲਾਜ਼ਮਾਂ ਸਮੇਤ ਦੋ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰਨ ਦੇ ਦਿੱਤੇ ਭਰੋਸੇ ਉਤੇ ਵੀ ਲੋਕ ਸ਼ਾਂਤ ਨਾ ਹੋਏ ਸਗੋਂ ਪੰਜਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਉਤੇ ਅੜੇ ਹੋਏ ਸਨ। ਪੁਲਿਸ ਅਧਿਕਾਰੀਆਂ ਵਲੋਂ ਲੋਕਾਂ ਨੂੰ ਸਮਝਾ ਕੇ ਪੁਲਿਸ ਨੇ ਰਸਤਾ ਚਾਲੂ ਕਰਵਾ ਦਿਤਾ ਗਿਆ।
ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਆਮ ਆਦਮੀ ਪਾਰਟੀ ਦੇ ਅਗੂ ਜਰਨੈਲ ਸਿੰਘ ਕਕਰਾਲਾ, ਬਹੁਜਨ ਸਮਾਜ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਬਲਾਕ ਪ੍ਰਧਾਨ ਹੰਸ ਰਾਜ ਕਕਰਾਲਾ, ਡਾ. ਬਹਾਦਰ ਸਿੰਘ ਘੱਗਾ ਆਦਿ ਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਿਹਰ ਸਾਢੇ ਬਾਰਾਂ ਦੇ ਕਰੀਬ ਪਿੰਡ ਬੇਲੂਮਾਜਰਾ ਦੀ ਧਰਮਸ਼ਾਲਾ ਵਿਚ ਠੰਡ ਤੋਂ ਬਚਣ ਲਈ ਬੈਠੇ ਅੱਗ ਸੇਕ ਰਹੇ ਬਜ਼ੁਰਗ ਹਰਨੇਕ ਸਿੰਘ ਨੂੰ ਥਾਣਾ ਘੱਗਾ ਦੇ ਸਿਵਲ ਕੱਪੜਿਆਂ ਵਿਚ ਆਏ ਪੰਜ ਦੇ ਕਰੀਬ ਮੁਲਜ਼ਮਾਂ ਨੇ ਪਿੰਡ ਦੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਜ਼ਬਰੀ ਚੁੱਕ ਕੇ ਕਥਿਤ ਧੱਕੇਸ਼ਾਹੀ ਕਰਦਿਆਂ ਅਪਣੀ ਨਿੱਜੀ ਗੱਡੀ ਵਿੱਚ ਸੁੱਟ ਕੇ ਅਪਣੇ ਨਾਲ ਲੈ ਗਏ। ਉਨ੍ਹਾਂ ਦਸਿਆ ਕਿ ਜਦੋਂ ਪੁਲਿਸ ਮੁਲਾਜ਼ਮ ਬਜ਼ੁਰਗ ਨੂੰ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਉਸਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਬਜ਼ੁਰਗ ਦਿਲ ਦਾ ਮਰੀਜ਼ ਸੀ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨਾਲ ਧੱਕੇਸ਼ਾਹੀ ਕੀਤੀ।
ਡੀ.ਐੱਸ.ਪੀ ਪਾਤੜਾਂ ਦਵਿੰਦਰ ਅੱਤਰੀ ਨੇ ਕਿਹਾ ਕਿ ਮੁੱਢਲੀ ਪੜਤਾਲ ਮੁਤਾਬਿਕ ਤਿੰਨ ਪੁਲਿਸ ਕਰਮਚਾਰੀਆਂ ਗੁਰਮੇਲ ਸਿੰਘ, ਭੋਲਾ ਸਿੰਘ ਤੇ ਜਸਵਿੰਦਰ ਸਿੰਘ ਦੀ ਸ਼ਨਾਖਤ ਕਰ ਲਈ ਗਈ ਹੈ ਪਰ ਮ੍ਰਿਤਕ ਦੇ ਵਾਰਸਾਂ ਵਲੋਂ ਹਾਲੇ ਤਕ ਕੋਈ ਬਿਆਨ ਦਰਜ ਨਹੀਂ ਕਰਵਾਇਆ ਗਿਆ। ਉਨ੍ਹਾਂ ਦੇ ਬਿਆਨ ਦਰਜ ਕਰਵਾਉਣ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸ਼ਪੱਸਟ ਕੀਤਾ ਕਿ ਘਟਨਾ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।