
ਔਰਤ ਤੇ ਪੈਸੇ ਨੇ ਕਰਵਾਇਆ ਕਤਲ
ਬਲਾਚੌਰ/ਕਾਠਗੜ੍ਹ, 3 ਫ਼ਰਵਰੀ (ਜਤਿੰਦਰਪਾਲ ਸਿੰਘ ਕਲੇਰ): ਪਿਛਲੇ ਦਿਨੀਂ ਥਾਣਾ ਬਹਿਰਾਮ ਦੇ ਪਿੰਡ ਖੋਥੜਾ ਵਿਚ ਰੱਸੀ ਨਾਲ ਗਲਾ ਘੁੱਟ ਕੇ ਝਾੜੀਆਂ ਵਿਚ ਸੁਟ ਗਏ ਵਿਅਕਤੀ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਕਤਲ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਡੀਐਸਪੀ ਬੰਗਾ ਸਰਤਾਜ ਸਿੰਘ ਚਾਹਲ ਨੇ ਦਸਿਆ ਕਿ ਪਿਛਲੇ ਦਿਨੀਂ ਪੁਲਿਸ ਨੂੰ ਪਿੰਡ ਖੋਥੜਾ ਵਿਚ ਝਾੜੀਆਂ ਵਿਚ ਇਕ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਦੇ ਗਲੇ ਵਿਚ ਰੱਸੀ ਦਾ ਨਿਸ਼ਾਨ ਸੀ। ਮ੍ਰਿਤਕ ਦੀ ਸ਼ਨਾਖ਼ਤ ਫ਼ਗਵਾੜਾ ਦੇ ਗੋਬਿੰਦਪੁਰਾ ਮੁਹੱਲਾ ਨਿਵਾਸੀ ਸ਼ਾਮ ਸੁੰਦਰ ਦੇ ਰੂਪ ਵਿਚ ਹੋਈ ਸੀ। ਬਹਿਰਾਮ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਤਫ਼ਤੀਸ਼ ਦੌਰਾਨ ਸ਼ਾਮ ਸੁੰਦਰ ਦੇ ਘਰ ਵਾਲਿਆਂ ਨੇ ਦਸਿਆ ਕਿ ਉਹ ਘਰ ਵਿਚ ਇਹ ਕਹਿ ਕੇ ਆਇਆ ਸੀ ਕਿ ਉਹ ਅਪਣੇ ਦੋਸਤ ਲਛਮਣ ਦੇ ਕੋਲ ਜਾ ਰਿਹਾ ਸੀ, ਹੁਣ ਉਸ ਦਾ ਫ਼ੋਨ ਬੰਦ ਆ ਰਿਹਾ ਹੈ। ਪੁਲਿਸ ਨੇ ਸ਼ੱਕ ਹੋਣ 'ਤੇ ਕਥਿਤ ਆਰੋਪੀ ਲਛਮਣ ਸ਼ਰਮਾ ਨੂੰ ਤਫ਼ਤੀਸ਼ ਵਿਚ ਸ਼ਾਮਲ ਕਰਨ ਲਈ ਗ੍ਰਿਫ਼ਤਾਰ ਕੀਤਾ।
ਇਸ ਦੌਰਾਨ ਉਸ ਨੇ ਪ੍ਰਗਟਾਵਾ ਕੀਤਾ ਕਿ ਸ਼ਾਮ ਸੁੰਦਰ ਨੂੰ ਤਿੰਨ ਲੋਕਾਂ ਨੇ ਕਥਿਤ ਤੌਰ 'ਤੇ ਗਲੇ ਵਿਚ ਰੱਸੀ ਪਾ ਕੇ ਮਾਰਿਆ ਹੈ। ਕਥਿਤ ਆਰੋਪੀ ਲਛਮਣ ਸ਼ਰਮਾ ਨੇ ਦਸਿਆ ਕਿ ਮ੍ਰਿਤਕ ਸ਼ਾਮ ਸੁੰਦਰ ਪ੍ਰਵਾਸੀ ਮਜ਼ਦੂਰਾਂ ਨੂੰ ਵਿਆਜ ਤੇ ਪੈਸੇ ਦਿੰਦਾ ਸੀ ਤੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ। ਤਿੰਨਾਂ ਕਥਿਤ ਆਰੋਪੀਆਂ ਵਿਚੋਂ ਇਕ ਦੀ ਪਤਨੀ 'ਤੇ ਮ੍ਰਿਤਕ ਬੁਰੀ ਨਜ਼ਰ ਰਖਦਾ ਸੀ ਜਿਸ ਕਾਰਨ ਤਿੰਨਾਂ ਨੇ ਉਸ ਦੀ ਰੱਸੀ ਵਿਚ ਗਲਾ ਘੁੱਟ ਕੇ ਹਤਿਆ ਕਰ ਦਿਤੀ। ਡੀ.ਐਸ.ਪੀ. ਸਰਤਾਜ ਚਾਹਲ ਨੇ ਦਸਿਆ ਕਿ ਪੁਲਿਸ ਨੇ ਮ੍ਰਿਤਕ ਦਾ ਪਰਸ, ਸਾਈਕਲ ਅਤੇ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਹੈ। ਆਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।