
ਅੰਮ੍ਰਿਤਸਰ, 11 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੁਲਿਸ ਲਾਈਨ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੀਆਂ ਜੇਲਾਂ ਵਿਚ ਸੰਗੀਨ ਅਪਰਾਧ ਪਲਦਾ ਹੈ। ਪੁਲਿਸ ਨੂੰ ਹਾਲਾਤ ਨਾਲ ਨਜਿੱਠਣ ਲਈ ਵੱਧ ਸ਼ਕਤੀਆਂ ਦਿਤੀਆਂ ਜਾਣਗੀਆਂ ਅਤੇ ਸ਼ਹਿਰ 'ਚ ਸੀ ਸੀ ਟੀ ਵੀ ਕੈਮਰੇ ਤੇ ਜੇਲਾਂ ਵਿਚ ਜੈਮਰ ਲਾਏ ਜਾਣਗੇ। ਸਿੱਧੂ ਨੇ ਸਪੱਸ਼ਟ ਕੀਤਾ ਕਿ ਕੈਪਟਨ ਸਰਕਾਰ ਦੀ ਜੁਰਮਾਂ ਪ੍ਰਤੀ ਨੀਤੀ 'ਜ਼ੀਰੋ ਟੌਲਰੈਂਸ' ਹੈ, ਭਾਵ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਅਪਰਾਧੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਅਧਿਕਾਰੀਆਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਸ. ਸਿੱਧੂ ਨੇ ਕਿਹਾ ਕਿ ਪਿਛਲੇ ਡੇਢ ਸਾਲ ਤਂੋ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਹੋਈਆਂ ਹਤਿਆਵਾਂ ਦੇ ਕੇਸ ਪੁਲਿਸ ਨੇ ਹੱਲ ਕਰ ਲਏ ਹਨ। ਦੋਸ਼ੀਆਂ ਨੂੰ ਸੀਖਾਂ ਪਿੱਛੇ ਭੇਜ ਦਿਤਾ ਹੈ। ਹਿੰਦੂ ਆਗੂ ਵਿਪਨ ਸ਼ਰਮਾ ਦੇ ਕਾਤਲਾਂ ਦੀ ਸ਼ਨਾਖਤ ਕਰ ਲਈ ਹੈ ਤੇ ਦੋਸ਼ੀ ਜਲਦ ਫੜੇ ਜਾਣਗੇ। ਸਿੱਧੂ ਮੁਤਾਬਕ ਸ਼ਰਾਰਤੀ ਅਨਸਰਾਂ ਵਿਚ ਪੁਲਿਸ ਦਾ ਡਰ ਪੈਦਾ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਉਹ ਕੋਈ ਘਟਨਾ ਕਰਨ ਤੋਂ ਪਹਿਲਾਂ ਸੋਚਣ। ਜੁਰਮਾਂ 'ਤੇ ਕਾਬੂ ਪਾਉਣ ਲਈ ਅੰਮ੍ਰਿਤਸਰ ਪੁਲਿਸ ਦਾ ਬੀ ਐਸ ਐਫ਼ ਨਾਲ ਪੂਰਾ ਤਾਲਮੇਲ ਹੈ।
ਉਪਰੰਤ ਸੁਰਿੰਦਰਪਾਲ ਪਰਮਾਰ ਆਈ ਜੀ ਬਾਰਡਰ ਜ਼ੋਨ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਪੁਲਿਸ ਦੇ ਕੰਮ ਵਿਚ ਕੋਈ ਸਿਆਸੀ ਦਬਾਅ ਨਹੀਂ ਹੋਵੇਗਾ ਅਤੇ ਕਿਸੇ ਤਰ੍ਹਾਂ ਦੇ ਫ਼ੰਡਾਂ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਪੁਲਿਸ ਕਮਿਸ਼ਨਰ ਐਸ ਐਸ ਸ੍ਰੀਵਾਸਤਵਾ ਨੇ ਕਿਹਾ ਕਿ ਅੰਮ੍ਰਿਤਸਰ ਇਕ ਮਹੱਤਵਪੂਰਨ ਧਾਰਮਕ ਸ਼ਹਿਰ ਹੈ। ਇਥੇ ਹੋਈ ਹਰ ਘਟਨਾ ਦਾ ਦੁਨੀਆਂ ਵਿਚ ਵਿਆਪਕ ਅਸਰ ਪੈਦਾ ਹੈ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਮੁੱਖ ਮੰਤਰੀ ਵਲਂੋ ਹਰ ਕੰਮ ਦੀ ਫ਼ੀਡ ਬੈਕ ਲਈ ਜਾਂਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਪੁਲਿਸ ਨਾਲ ਪੂਰਾ ਤਾਲਮੇਲ ਹੈ ਅਤੇ ਸਰਕਾਰ ਵਲੋਂ ਵੀ ਅਮਨ ਸ਼ਾਂਤੀ ਬਹਾਲ ਰੱਖਣ ਲਈ ਖੁਲ੍ਹੀ ਛੋਟ ਦਿਤੀ ਹੈ।