
ਐਸ.ਏ.ਐਸ.ਨਗਰ, 5
ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਸਰਕਾਰ ਨੇ ਅੱਜ ਇਥੇ ਇੰਡੀਅਨ ਸਕੂਲ ਆਫ਼
ਬਿਜਨਸ ਵਿਖੇ ਇੰਮਪਲਾਇਰਜ਼ ਮੀਟ ਸਮਾਗਮ ਦੌਰਾਨ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੀ
ਵੱਡੇ ਪੱਧਰ 'ਤੇ ਸ਼ੁਰੂਆਤ ਕੀਤੀ। ਇਸ ਮੌਕੇ ਵਿੱਤ ਅਤੇ ਰੋਜ਼ਗਾਰ ਉਤਪਤੀ ਮੰਤਰੀ ਮਨਪ੍ਰੀਤ
ਸਿੰਘ ਬਾਦਲ, ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਸਥਾਨਕ ਸਰਕਾਰਾ ਬਾਰੇ ਮੰਤਰੀ
ਨਵਜੋਤ ਸਿੰਘ ਸਿੱਧੂ ਅਤੇ ਬਿਜਲੀ ਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਹਾਜ਼ਰ ਸਨ। ਇਸ
ਮੌਕੇ ਪੰਜਾਬ ਸਰਕਾਰ ਨੇ ਸਨਅਤੀ ਐਸੋਸੀਏਸ਼ਨਾਂ ਅਤੇ ਰੁਜ਼ਗਾਰਦਾਤਿਆਂ ਨਾਲ 34 ਸਮਝੌਤੇ
ਸਹੀਬੰਧ ਕੀਤੇ ਜਿਸ ਨਾਲ ਕਿ 2.8 ਲੱਖ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮਿਲਣਗੇ।
ਇੰਮਪਲਾਇਰਜ਼
ਮੀਟ ਵਿਚ ਵੱਡੇ ਅਤੇ ਨਾਮੀ ਉਦਯੋਗਪਤੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਈਸ਼ਰ ਜੱਜ
ਆਹਲੂਵਾਲੀਆ, ਚੇਅਰਪਰਸਨ, ਇੰਡੀਆ ਕਾਊਂਸਲ ਫ਼ਾਰ ਰਿਸਰਚ ਆਨ ਇੰਟਰਨੈਸ਼ਨਲ ਇਕਨੋਮਿਕਸ, ਕਰਿਸ਼
ਆਈਅਰ, ਇੰਡਆ ਸੀਈਓ, ਵਾਲਮਾਰਟ, ਸ੍ਰੀ ਪਾਲ ਓਸਵਾਲ, ਚੇਅਰਮੈਨ, ਵਰਧਮਾਨ ਟੈਕਸਟਾਈਲ ਲਿਮ.,
ਰਜਿੰਦਰ ਗੁਪਤਾ, ਚੇਅਰਮੈਨ, ਟ੍ਰਾਈਡੈਂਟ ਗਰੁੱਪ, ਏ.ਐਸ. ਮਿੱਤਲ, ਵਾਈਸ ਚੇਅਰਮੈਨ,
ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮ., ਭਵਦੀਪ ਸਰਧਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ
ਅਤੇ ਸੀਈਓ ਆਦਿ ਦੇ ਨਾਂ ਪ੍ਰਮੁੱਖ ਹਨ।
ਇਸ ਮੌਕੇ ਬੋਲਦਿਆਂ ਸ. ਮਨਪ੍ਰੀਤ ਸਿੰਘ
ਬਾਦਲ ਨੇ ਪੰਜਾਬ ਨਾਲ ਸਬੰਧ ਰਖਣ ਵਾਲੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਜ਼ਿਆਦਾ ਤੋਂ ਜ਼ਿਆਦਾ
ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸਨਅਤਕਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ
ਦਿਤਾ ਹੈ। ਸ. ਬਾਦਲ ਨੇ ਕਿਹਾ ਕਿ ਰੁਜ਼ਗਾਰ ਦੀ ਭਾਲ ਵਿਚ ਅਸੀਂ ਅਪਣੇ ਸੂਬੇ ਦੇ ਨੌਜਵਾਨਾਂ
ਨੂੰ ਵਿਦੇਸ਼ਾਂ ਦੀ ਧਰਤੀ 'ਤੇ ਰੁਲਣ ਨਹੀਂ ਦੇਵਾਂਗੇ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਹੀ
ਵਧੀਆਂ ਰੁਜ਼ਗਾਰ ਮੁਹਈਆਂ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਘਰ ਵਿਚ
ਇਕ ਯੋਗ ਨੌਜਵਾਨ ਨੂੰ ਨੌਕਰੀ ਦੇਣ ਦਾ ਸੰਕਲਪ ਕੀਤਾ ਹੈ। ਉਨ੍ਹਾਂ ਸਨਅਤਕਾਰਾਂ ਨੂੰ ਅਪੀਲ
ਕੀਤੀ ਕਿ ਪੰਜਾਬ ਦੀ ਕਿਸਮਤ ਬਦਲਣ ਲਈ ਉਹ ਪੰਜਾਬ ਸਰਕਾਰ ਦਾ ਸਾਥ ਦੇਣ ਤਾਂ ਜੋ
ਬੇਰੋਜ਼ਗਾਰੀ ਵਰਗੀ ਅਲਾਮਤ ਦੀਆਂ ਸੂਬੇ ਵਿਚੋਂ ਜੜ੍ਹਾਂ ਪੁੱਟੀਆਂ ਜਾ ਸਕਣ ।
ਇਸ ਮੌਕੇ
ਬੋਲਦਿਆਂ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਵਿਚ ਵੱਖ-ਵੱਖ
21 ਥਾਵਾਂ 'ਤੇ ਲਗਾਏ ਰੁਜ਼ਗਾਰ ਮੇਲਿਆਂ ਵਿਚ 50 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ
ਟੀਚਾ ਪੂਰਾ ਕੀਤਾ ਗਿਆ ਹੈ ਅਤੇ ਸੂਬੇ ਵਿਚ ਹੋਰ ਜ਼ਿਆਦਾ ਨੌਕਰੀਆਂ ਪੈਦਾ ਕਰਨ ਦੇ ਮਕਸਦ
ਨਾਲ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਉਦਯੋਗਾਂ ਦੀ ਮੰਗ ਅਨੁਸਾਰ ਢਾਲਿਆ ਜਾ ਰਿਹਾ ਹੈ ਤਾਂ
ਜੋ ਸਿਖਲਾਈ ਅਤੇ ਨੌਕਰੀ ਵਿਚਲਾ ਖੱਪਾ ਪੂਰਿਆ ਜਾ ਸਕੇ। ਇਸ ਮੌਕੇ 'ਸਫ਼ਲ ਅਰਥ-ਸ਼ਾਸਤਰੀ
ਵਲੋਂ ਬੇਰੋਜ਼ਗਾਰੀ ਨਾਲ ਨਜਿੱਠਣ ਲਈ ਪੰਜਾਬ ਵਿਚ ਸਿਖਿਆ' ਵਿਸ਼ੇ 'ਤੇ ਬੋਲਦਿਆਂ ਈਸ਼ਰ ਜੱਜ
ਆਹਲੂਵਾਲੀਆ ਨੇ ਕਿਹਾ ਕਿ ਰਾਜ ਵਿਚ ਨਿਵੇਸ਼ ਪੱਖੀ ਮਾਹੌਲ ਬਣਾਉਣ ਲਈ ਨਿਜੀ ਅਤੇ ਜਨਤਕ
ਖੇਤਰ ਦੀ ਸਾਂਝੇਦਾਰੀ ਰਾਹੀਂ ਬੁਨਿਆਦੀ ਢਾਂਚਾ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਟਾਇਨੋਰ
ਆਰਥੋਟਿਕਸ ਦੇ ਡਾ. ਪੀ.ਜੇ. ਸਿੰਘ ਨੇ 'ਰੁਜ਼ਗਾਰ ਦੇਣ ਵਾਲਾ ਵਿਕਾਸਸ਼ੀਲ ਇੰਜਣ-ਛੋਟੀਆਂ
ਅਤੇ ਦਰਮਿਆਨੀ ਸਨਅਤਾਂ' ਵਿਸ਼ੇ 'ਤੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਰਥਚਾਰੇ
ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਈ-ਕਾਮਰਸ ਅਤੇ ਈ-ਐਜੂਕੇਸ਼ਨ ਨੂੰ ਪ੍ਰਫੁੱਲਤ
ਕਰਨ ਦੀ ਲੋੜ ਹੈ। 'ਰਾਜ ਵਿਚ ਖੇਤਰੀ ਅਤੇ ਕੌਮਾਂਤਰੀ ਪੱਧਰ ਦੇ ਬਰਾਂਡ ਪੈਦਾ ਕਰਨ' ਸਬੰਧੀ
ਵਿਸ਼ੇ 'ਤੇ ਬੋਲਦਿਆਂ ਮੌਂਟੀ ਕਾਰਲੋ ਦੇ ਕਾਰਜਕਾਰੀ ਨਿਰਦੇਸ਼ਕ ਸੰਦੀਪ ਜੈਨ ਨੇ ਕਿਹਾ ਕਿ
ਇਸ ਸਮੇਂ ਮੁੱਖ ਤੌਰ 'ਤੇ ਪੰਜਾਬ ਦੇ ਉਤਪਾਦਾਂ ਦੀ ਮਸ਼ਹੂਰੀ ਕਰਨ ਦੀ ਲੋੜ ਹੈ ਅਤੇ ਨਾਲ ਹੀ
ਦਿਨੋਂ ਦਿਨ ਸਿਖਿਅਤ ਕਾਮਿਆਂ ਦੀ ਆ ਰਹੀ ਕਮੀ ਨੂੰ ਘੱਟ ਕਰਨ ਦੀ ਲੋੜ ਹੈ।
ਬਾਅਦ
ਵਿਚ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ
ਮਿਸ਼ਨ ਲਈ ਰਣਨੀਤਕ ਖਰੜੇ ਦੀ ਘੁੰਡ ਚੁਕਾਈ ਕੀਤੀ। ਇਸ ਵਿਚ ਉਨ੍ਹਾਂ ਸਾਰੇ ਪੱਖਾਂ 'ਤੇ ਜ਼ੋਰ
ਦਿਤਾ ਗਿਆ ਹੈ ਜਿਸ ਨਾਲ ਕਿ ਸੂਬੇ ਵਿਚ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ
ਦਿਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ
ਸਿੰਘ ਜੀ.ਪੀ. ਦੋਵੇਂ ਵਿਧਾਇਕ, ਸਾਬਕਾ ਮੰਤਰੀ ਅਰੁਣ ਸੇਖੜੀ ਅਤੇ ਵੱਖ-ਵੱਖ ਵਿਭਾਗਾਂ ਦੇ
ਉੱਚ ਅਧਿਕਾਰੀ ਹਾਜ਼ਰ ਸਨ।