
ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਕ ਵੱਡੀ ਗਲਤੀ ਉਸ ਵੇਲੇ ਕੀਤੀ ਗਈ ਜਦੋਂ 25 ਦਸੰਬਰ ਨੂੰ ਗੁਰਦਵਾਰਾ ਸ੍ਰੀ ਜਯੋਤੀ ਸਰੂਪ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸ੍ਰੀ ਅਖੰਡ ਪਾਠ ਸਾਹਿਬ ਆਪ ਰਖਵਾਉਣ ਦੀ ਬਜਾਏ ਦਿੱਲੀ ਦੇ ਇਕ ਵਿਅਕਤੀ ਦਲਵਿੰਦਰ ਸਿੰਘ ਵਲੋਂ ਬੁੱਕ ਕੀਤੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਹੀ ਸ਼ੁਰੂ ਕਰਵਾ ਦਿਤੇ।
ਇਕੱਤਰ ਜਾਣਕਾਰੀ ਅਨੁਸਾਰ ਦਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਿੱਲੀ ਨੇ ਰਸੀਦ ਨੰਬਰ-13282, ਮਿਤੀ 23.4.2017 ਨੂੰ ਗੁਰਦਵਾਰਾ ਸ਼੍ਰੀ ਜਯੋਤੀ ਸਰੂਪ ਸਾਹਿਬ ਵਿਖੇ 25 ਦਸੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਲਈ ਬੁਕ ਕਰਵਾਇਆ ਸੀ ਅਤੇ ਜਿਸ ਦੇ ਭੋਗ 27 ਦਸੰਬਰ 2017 ਨੂੰ ਪਾਏ ਜਾਣੇ ਸਨ। ਸ਼ਹੀਦੀ ਸਮਾਗਮਾਂ ਨੂੰ ਮੁੱਖ ਰਖਦੇ ਹੋਏ ਹਰ ਸਾਲ ਸ਼੍ਰੋਮਣੀ ਕਮੇਟੀ ਵਲੋਂ 25 ਦਸੰਬਰ ਨੂੰ ਗੁਰਦਵਾਰਾ ਸ੍ਰੀ ਜਯੋਤੀ ਸਰੂਪ ਸਾਹਿਬ ਵਿਖੇ ਅਖੰਡ ਪਾਠ ਸ਼ੁਰੂ ਕਰਵਾਏ ਜਾਂਦੇ ਹਨ। ਜਿਸ ਦੇ ਭੋਗ 27 ਦਸੰਬਰ ਨੂੰ ਸਵੇਰੇ ਜਾਂਦੇ ਹਨ ਪਰ ਇਸ ਵਾਰੀ ਸ਼੍ਰੋਮਣੀ ਕਮੇਟੀ ਨੇ ਇਕ ਵੱਡੀ ਗ਼ਲਤੀ ਕਰਦੇ ਹੋਏ ਕਿਸੇ ਵਿਅਕਤੀ ਵਲੋਂ ਬੁੱਕ ਕੀਤੇ ਹੋਏ ਪਾਠ ਨੂੰ ਹੀ ਸ਼ੁਰੂ ਕਰਵਾ ਕੇ ਸ਼ਹੀਦਾਂ ਨੂੰ ਸਮਰਪਤ ਕਰ ਦਿਤਾ।
ਜਦੋਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਉਕਾਈ ਹੈ ਅਤੇ ਜੇ ਕਿਸੇ ਸ਼ਰਧਾਲੂ ਵਲੋਂ ਬੁੱਕ ਕੀਤਾ ਗਿਆ ਸ੍ਰੀ ਆਖੰਡ ਪਾਠ ਸਾਹਿਬ ਇਨ੍ਹਾਂ ਮਿਤੀਆਂ ਉਤੇ ਕਰਵਾਉਣਾ ਹੀ ਸੀ, ਤਾਂ ਵੀ ਸ਼੍ਰੋਮਣੀ ਕਮੇਟੀ ਨੂੰ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਵੱਖਰੇ ਤੌਰ 'ਤੇ ਆਰੰਭ ਕਰਵਾਇਆ ਜਾਣਾ ਸੀ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਸੰਜੀਦਗੀ ਨਾਲ ਲੈਣਗੇ ਅਤੇ ਅੱਗੇ ਤੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਅਜਿਹੀ ਗ਼ਲਤੀ ਨਾ ਕਰਨ ਲਈ ਹਦਾਇਤ ਕਰਨਗੇ। ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਜੇ ਅਜਿਹਾ ਹੋਇਆ ਹੈ ਤਾਂ ਬਹੁਤ ਵੱਡੀ ਗ਼ਲਤੀ ਕੀਤੀ ਗਈ ਹੈ।
ਸ੍ਰੀ ਜਯੋਤੀ ਸਰੂਪ ਸਾਹਿਬ ਦੇ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ ਨੇ ਵੀ ਇਹ ਮੰਨਿਆ ਕਿ ਸ੍ਰੀ ਆਖੰਡ ਪਾਠ ਸਾਹਿਬ ਦਿੱਲੀ ਦੇ ਇਕ ਵਿਅਕਤੀ ਵਲੋਂ ਬੁੱਕ ਕਰਵਾਏ ਗਏ ਸੀ, ਜਿਨ੍ਹਾਂ ਦਾ ਅੱਜ ਸਵੇਰੇ ਭੋਗ ਪਾਇਆ ਗਿਆ। ਉਨ੍ਹਾਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰਖਦੇ ਹੋਏ ਉਹ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਗੇ ਕਿ ਅਜਿਹੀ ਗ਼ਲਤੀ ਨਾ ਹੋਵੇ।