
ਕੋਟਕਪੂਰਾ, 11 ਨਵੰਬਰ (ਗੁਰਿੰਦਰ ਸਿੰਘ) : ਭਾਵੇਂ ਪਿਛਲੇ ਦਿਨੀਂ ਭੁੱਚੋ ਨੇੜੇ ਧੁੰਦ ਕਾਰਨ ਦਸ ਵਿਦਿਆਰਥੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਪਰ ਪ੍ਰਸ਼ਾਸਨ ਨੇ ਇਸ ਤੋਂ ਸਬਕ ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ। ਅੱਜ ਮੋਟਰਸਾਈਕਲ ਕੱਟ ਕੇ ਅਣਅਧਿਕਾਰਤ ਤੌਰ 'ਤੇ ਬਣਾਏ ਗਏ ਰੇਹੜੇ 'ਤੇ ਸਵਾਰ ਇਕ ਪਰਵਾਰ ਦੇ ਤਿੰਨ ਬੱਚਿਆਂ ਦੀ ਸੜਕ ਹਾਦਸੇ 'ਚ ਮੌਤ ਅਤੇ ਪੰਜ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਸ ਤਰ੍ਹਾਂ ਦੇ ਦਰਜਨਾਂ ਹੋਰ ਅਣਅਧਿਕਾਰਤ ਵਾਹਨ ਸੜਕਾਂ 'ਤੇ ਦੌੜ ਰਹੇ ਹਨ। ਉਕਤ ਹਾਦਸਾ ਨੈਸ਼ਨਲ ਹਾਈਵੇ 'ਤੇ ਉਸ ਸਮੇਂ ਵਾਪਰਿਆ ਜਦੋਂ ਸਥਾਨਕ ਦੇਸ ਰਾਜ ਬਸਤੀ ਦੇ ਰਹਿਣ ਵਾਲੇ ਇਕ ਹੀ ਪਰਵਾਰ ਦੇ ਅੱਠ ਵਿਅਕਤੀ ਮੋਟਰਸਾਈਕਲ ਲਾ ਕੇ ਬਣਾਏ ਰੇਹੜੇ 'ਤੇ ਸਵਾਰ ਹੋ ਕੇ ਬਠਿੰਡਾ ਵਲ ਜਾ ਰਹੇ ਸਨ ਤੇ ਜਦ ਉਹ ਪੁਲ ਤੋਂ ਗ਼ਲਤ ਪਾਸਿਉਂ ਚੜ੍ਹ ਕੇ ਸਾਹਮਣੇ ਤੋਂ ਆ ਰਹੇ ਟਰੱਕ ਨੂੰ ਦੇਖ ਕੇ ਅਚਾਨਕ ਰੇਹੜੇ ਨੂੰ ਇਕ ਪਾਸੇ ਕੱਟਣ ਲੱਗੇ ਤਾਂ ਉਨ੍ਹਾਂ ਦਾ ਰੇਹੜਾ ਟਰੱਕ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਤਿੰਨ ਬੱਚੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ, ਡਾ. ਮਨਦੀਪ ਕੌਰ ਐਸਡੀਐਮ ਕੋਟਕਪੂਰਾ, ਮਨਵਿੰਦਰਵੀਰ ਸਿੰਘ ਡੀਐਸਪੀ ਕੋਟਕਪੂਰਾ ਦੀ ਅਗਵਾਈ ਵਾਲੀਆਂ ਟੀਮਾਂ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੀਆਂ।
ਪੁਲਿਸ ਸੂਤਰਾਂ ਅਨੁਸਾਰ ਉਕਤ ਹਾਦਸੇ 'ਚ ਨਸੀਬ ਸਿੰਘ ਦੀਆਂ 10 ਤੇ 6 ਸਾਲਾ ਦੋ ਬੇਟੀਆਂ ਜੋਤੀ ਤੇ ਗਜਨੀ ਅਤੇ ਮਲਕੀਤ ਸਿੰਘ ਦੀ 7 ਸਾਲਾ ਬੇਟੀ ਨੈਨਾ ਦੀ ਮੌਤ ਹੋ ਗਈ ਜਦਕਿ ਨਸੀਬ ਸਿੰਘ ਦੀ ਪਤਨੀ ਸੀਤੋ ਅਤੇ ਪੁੱਤਰ ਜੈਂਕੀ, ਮਲਕੀਤ ਸਿੰਘ ਦੇ ਪੁੱਤਰ ਅਮਨ ਤੇ ਕੰਨੂੰ ਅਤੇ ਖ਼ੁਦ ਮਲਕੀਤ ਸਿੰਘ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਤਪਾਲ ਵਿਖੇ ਜ਼ੇਰੇ ਇਲਾਜ ਜ਼ਖ਼ਮੀਆਂ 'ਚੋਂ ਸੀਤੋ ਅਤੇ ਅਮਨ ਦੀ ਗੰਭੀਰ ਹਾਲਤ ਵੇਖਦਿਆਂ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਈ ਰੈਫ਼ਰ ਕਰ ਦਿਤਾ। (ਬਾਕੀ ਸਫ਼ਾ 11 'ਤੇ)
ਡਿਪਟੀ ਕਮਿਸ਼ਨਰ ਨੇ ਤੁਰਤ ਰੈੱਡ ਕਰਾਸ ਦੇ ਅਧਿਕਾਰੀਆਂ ਤੇ ਐਸਡੀਐਮ ਕੋਟਕਪੂਰਾ ਨੂੰ ਜ਼ਖ਼ਮੀਆਂ ਦਾ ਇਲਾਜ ਸਰਕਾਰੀ ਖ਼ਰਚੇ 'ਤੇ ਕਰਾਉਣ ਅਤੇ ਮ੍ਰਿਤਕ ਬੱਚਿਆਂ ਦੇ ਅੰਤਮ ਸਸਕਾਰ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦਸਿਆ ਕਿ ਪੀੜਤਾਂ ਦੀ ਆਰਥਕ ਸਹਾਇਤਾ ਲਈ ਸਰਕਾਰ ਨੂੰ ਲਿਖਤੀ ਤੌਰ 'ਤੇ ਬੇਨਤੀ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਟਰੱਕ ਚਾਲਕ ਅਪਣੇ ਟਰੱਕ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਸਥਾਨਕ ਸਿਟੀ ਥਾਣੇ ਦੇ ਮੁਖੀ ਇੰਸ. ਕੇ. ਸੀ. ਪਰਾਸ਼ਰ ਨੇ ਦਸਿਆ ਕਿ ਪੀੜਤ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਵਿਰੁਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।