
ਸਿਰਸਾ, 7 ਸਤੰਬਰ :
ਪੰਜ ਹਜ਼ਾਰ ਦਾ ਪਪੀਤਾ ਅਤੇ 2,000 ਰੁਪਏ ਦਾ ਬੈਂਗਣ। ਸੌਦਾ ਸਾਧ ਦੇ ਡੇਰੇ ਵਿਚ ਸੋਨੇ ਦੇ
ਭਾਅ ਸਬਜ਼ੀਆਂ ਵਿਕਦੀਆਂ ਸਨ। ਡੇਰੇ ਵਿਚ ਹੀ ਸਬਜ਼ੀਆਂ ਉਗਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ
ਉੱਚੀ ਕੀਮਤ 'ਤੇ ਵੇਚਿਆ ਜਾਂਦਾ ਸੀ। ਡੇਰੇ ਵਿਚ ਇਕ ਮਿਰਚ ਇਕ ਹਜ਼ਾਰ ਰੁਪਏ ਵਿਚ ਵੀ ਵਿਕਦੀ
ਸੀ। ਹੋਰ ਸਬਜ਼ੀਆਂ ਦੀ ਕੀਮਤ ਵੀ ਏਨੀ ਜ਼ਿਆਦਾ ਸੀ। ਦੋ ਟਮਾਟਰਾਂ ਲਈ ਇਕ ਹਜ਼ਾਰ ਰੁਪਏ ਅਤੇ
ਪਪੀਤੇ ਲਈ ਕਰੀਬ ਪੰਜ ਹਜ਼ਾਰ ਰੁਪਏ ਦੀ ਅਦਾਇਗੀ ਕਰਨੀ ਪੈਂਦੀ ਸੀ ਜਦਕਿ ਬੈਂਗਣ ਦੋ ਹਜ਼ਾਰ
ਰੁਪਏ ਵਿਚ ਵਿਕਦਾ ਸੀ। ਸਵਾਲ ਹੈ ਕਿ ਇਨ੍ਹਾਂ ਸਬਜ਼ੀਆਂ ਨੂੰ ਏਨੀ ਜ਼ਿਆਦਾ ਕੀਮਤ ਵਿਚ ਕੌਣ
ਖ਼ਰੀਦਦਾ ਸੀ? ਡੇਰੇ ਵਿਚ ਹਜ਼ਾਰਾਂ ਸ਼ਰਧਾਲੂ ਆਉਂਦੇ ਸਨ ਜਿਹੜੇ ਸਬਜ਼ੀਆਂ ਨੂੰ ਪ੍ਰਸਾਦ ਸਮਝ
ਕੇ ਏਨੀ ਜ਼ਿਆਦਾ ਕੀਮਤ ਵਿਚ ਖ਼ਰੀਦਦੇ ਸਨ। ਪ੍ਰਸਾਦ ਤੋਂ ਜਮ੍ਹਾਂ ਹੋਏ ਪੈਸੇ ਨੂੰ ਡੇਰਾ
ਮੈਨੇਜਮੈਂਟ ਨੂੰ ਭੇਜ ਦਿਤਾ ਜਾਂਦਾ ਸੀ। ਡੇਰਾ ਕਮੇਟੀ ਦੇ ਅਹੁਦੇਦਾਰ ਰਹੇ ਸ਼ਖ਼ਸ ਨੇ ਦਸਿਆ
ਕਿ ਸੌਦਾ ਸਾਧ ਦੁਆਰਾ ਬਣਾਏ ਗਏ ਗੁੜ ਨੂੰ ਕਰੀਬ 1.15 ਲੱਖ ਰੁਪਏ ਵਿਚ ਸ਼ਰਧਾਲੂ ਨੇ
ਖ਼ਰੀਦਿਆ ਸੀ। ਜਿਸ ਕੁਰਸੀ 'ਤੇ ਸੌਦਾ ਸਾਧ ਬੈਠਦਾ ਸੀ, ਉਸ ਨੂੰ ਸ਼ਰਧਾਲੂ 80 ਹਜ਼ਾਰ ਰੁਪਏ
ਤੋਂ ਦੋ ਲੱਖ ਰੁਪਏ ਵਿਚ ਖ਼ਰੀਦਦੇ ਸਨ। (ਏਜੰਸੀ)