
ਬਠਿੰਡਾ
(ਦਿਹਾਤੀ), 29 ਅਗੱਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸਾਲ 2007 ਤੋਂ ਸਰਕਾਰਾਂ
ਬਣਾਉਣ ਅਤੇ ਹਟਾਉਣ ਸਣੇ ਰਾਜਸੀ ਲੋਕਾਂ ਦੀਆਂ ਤਕਦੀਰਾਂ ਲਿਖਣ ਵਾਲਾ ਸੌਦਾ ਸਾਧ ਆਖ਼ਰੀ
ਵਾਰੀ ਰਾਜਸੀ ਲੋਕਾਂ ਤੋਂ ਹੀ ਸ਼ਿਕਸਤ ਖਾ ਗਿਆ ਜਦਕਿ ਚਾਰ ਕਰੋੜ ਭਗਤਾਂ ਦੇ ਗੁਰੂ ਵਜੋਂ
ਮਾਨਤਾ ਲੈਣ ਵਾਲੇ ਸੌਦਾ ਸਾਧ ਨੂੰ ਜੇਕਰ ਅਪਣੇ ਨਾਲ ਇੰਝ ਸਜ਼ਾ ਹੋਣ ਬਾਰੇ ਪਹਿਲਾ ਪਤਾ ਲੱਗ
ਜਾਂਦਾ ਤਦ ਉਹ ਕਿਸੇ ਵੀ ਹਾਲਤ ਵਿਚ ਅਦਾਲਤ ਅੱਗੇ ਪੇਸ਼ ਨਹੀਂ ਹੁੰਦਾ ਸੀ।
ਪੰਜਾਬ
ਅੰਦਰ 2007 ਦੀਆਂ ਵਿਧਾਨ ਸਭਾ ਚੋਣਾਂ ਰਾਹੀਂ ਡੇਰੇ ਵਲੋਂ ਰਾਜਨੀਤੀ ਵਿਚ ਸਿੱਧੇ ਲਏ
ਦਾਖ਼ਲੇ ਨੇ ਇਕ ਵਾਰ ਤਰਥੱਲੀ ਮਚਾ ਦਿਤੀ ਸੀ। ਇਨ੍ਹਾਂ ਚੋਣਾਂ ਵਿਚ ਡੇਰੇ ਦੇ ਰਾਜਨੀਤਕ ਦਲ
ਰਾਹੀਂ ਡੇਰਾ ਪ੍ਰੇਮੀਆਂ ਨੇ ਘਰ ਘਰ ਜਾ ਕੇ ਕਾਂਗਰਸ ਨੂੰ ਵੋਟ ਪਵਾਉਣ ਵਿਚ ਮਦਦ ਕੀਤੀ ਸੀ
ਭਾਵੇਂ ਕਾਂਗਰਸ 2007 ਦੀਆਂ ਚੋਣਾਂ ਜਿੱਤਣ ਤੋਂ ਖੁੰਝ ਗਈ ਪਰ ਮਾਲਵੇ ਅੰਦਰ ਕਾਂਗਰਸ ਨੇ
ਐਨਾ ਵੱਡਾ ਵੋਟ ਬੈਂਕ ਖੜਾ ਕਰ ਲਿਆ ਸੀ ਕਿ ਸ਼ਾਇਦ ਪਹਿਲੀ ਵਾਰ ਸਿਆਸੀ ਇਤਿਹਾਸ ਵਿਚ
ਕਾਂਗਰਸ ਸਰਕਾਰ ਵਲੋਂ ਸੂਬੇ ਅੰਦਰ ਪੰਜ ਸਾਲ ਰਾਜ ਕਰਨ ਮਗਰੋਂ ਐਨੀਆਂ ਸੀਟਾਂ ਉਪਰ ਜਿੱਤ
ਦਰਜ ਕੀਤੀ ਹੋਵੇ। ਬੇਸ਼ੱਕ ਰਾਜਨੀਤੀ ਵਿਚ ਪਲੇਠੀ ਸਿੱਧੀ ਦਖ਼ਲਅੰਦਾਜ਼ੀ ਦਾ ਖਮਿਆਜ਼ਾ ਵੀ ਡੇਰਾ
ਮੁਖੀ 'ਤੇ ਉਸ ਦੇ ਅੰਨ੍ਹੇ ਭਗਤਾਂ ਨੂੰ ਭੁਗਤਣਾ ਪਿਆ ਸੀ ਕਿਉਂਕਿ 2007 ਵਿਚ ਚੋਣਾਂ
ਜਿੱਤਣ ਅਤੇ ਸਰਕਾਰ ਬਣਨ ਤੋਂ ਬਾਅਦ ਅਕਾਲੀ ਦਲ ਨੇ ਇਨ੍ਹਾਂ ਨਾਲ ਸਿੱਧੀ ਲੜਾਈ ਦਾ ਵਿੱਢ
ਲਾ ਲਿਆ ਸੀ, ਲੜਾਈ ਵਿਚ ਭਾਵੇਂ ਕਿਸੇ ਹੱਦ ਤਕ ਡੇਰਾ ਮੁਖੀ ਦੀ ਟੀਮ ਨੇ ਅਕਾਲੀਆਂ ਨੂੰ
ਬਰਾਬਰ ਦੀ ਟੱਕਰ ਦਿਤੀ ਸੀ ਕਿਉਂਕਿ ਸੌਦਾ ਸਾਧ ਦੇ ਅੰਨ੍ਹੀ ਫ਼ੌਜ ਅਕਾਲੀ ਦਲ ਦੇ ਵਰਕਰਾਂ
ਤੋਂ ਘੱਟ ਪਰ ਸਿੱਖ ਗਰਮਦਲੀਆਂ ਵਿਚਾਰਧਾਰਾ ਵਾਲਿਆਂ ਤੋਂ ਜ਼ਰੂਰ ਝਿਜਕਦੀ ਸੀ। ਪਰ ਸੌਦਾ
ਸਾਧ ਨੇ ਉਕਤ ਘਟਨਾਵਾਂ ਤੋਂ ਸਬਕ ਸਿੱਖਣ ਅਤੇ ਅਪਣੀ ਸੰਗਤ ਨੂੰ ਅਧਿਆਤਮਕ ਪਾਠ ਪੜ੍ਹਾਉਣ
ਦੀ ਬਜਾਏ ਡੇਰੇ ਦੇ ਰਾਜਨੀਤਕ ਦਲ ਨੂੰ ਤਾਕਤਵਰ ਬਣਾਉਣਾ ਸ਼ੁਰੂ ਕਰ ਦਿਤਾ ਜਿਸ ਕਾਰਨ ਹੀ
ਉਕਤ ਸਮੇਂ ਤੋਂ ਬਾਅਦ ਡੇਰੇ ਦੇ ਬਲਾਕ ਭੰਗੀਦਾਸ ਸਣੇ ਹੋਰਨਾਂ ਜ਼ੁੰਮੇਵਾਰਾਂ ਨੇ ਲੋਕਾਂ
ਵਿਚਕਾਰ ਜਾ ਕੇ ਬਾਬੇ ਦੀ ਦਿਤੀ ਅਧਿਆਤਮਕ ਸਿਖਿਆਂ ਦੀ ਥਾਂ ਸੰਗਤ ਦੀ ਗਿਣਤੀ ਦਸਣ ਨੂੰ
ਪਹਿਲ ਦੇਣੀ ਸ਼ੁਰੂ ਕਰ ਦਿਤੀ। ਜਿਨ੍ਹਾਂ ਦਾ ਮੁੱਖ ਮਕਸਦ ਡੇਰੇ ਨਾਲ ਜ਼ਿਆਦਾ ਤੋਂ ਜਾਆਦਾ
ਸੰਗਤ ਨੂੰ ਜੋੜ ਕੇ ਰਾਜਨੀਤੀ
ਅਤੇ ਪ੍ਰਸ਼ਾਸਨ ਵਿਚ ਅਪਣਾ ਪ੍ਰਭਾਵ ਦਰਸਾਉਣ ਦੇ ਨਾਲ ਰਾਜਸੀ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਣਾ ਸੀ।
ਅਜਿਹੀਆ
ਗਤੀਵਿਧੀਆਂ ਕਾਰਨ ਹੀ ਅਕਾਲੀ ਦਲ ਨਾਲ 36 ਦਾ ਅੰਕੜਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਦੇ
ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਭਾਜਪਾਈਆਂ
ਨੂੰ ਹਰਿਆਣਾ ਅੰਦਰ ਅਪਣੀ ਸਰਕਾਰ ਬਣਾਉਣ ਲਈ ਡੇਰੇ ਜਾ ਕੇ ਗੋਡੇ ਟੇਕਣੇ ਪਏ ਸਨ। ਡੇਰੇ
ਦੀਆਂ ਨਿਤ ਵੱਧ ਰਹੀਆ ਰਾਜਸੀ ਸਰਗਰਮੀਆਂ ਕਾਰਨ ਭਾਵੇਂ ਹਰ ਇਕ ਰਾਜਸੀ ਪਾਰਟੀ ਦੇ ਆਗੂਆਂ
ਡੇਰੇ ਜਾ ਕੇ ਧੂੜ ਫੱਕਦੇ ਰਹੇ ਪਰ ਅੰਦਰੋਂ ਅੰਦਰੀ ਕਾਫ਼ੀ ਔਖੇ ਵੀ ਵਿਖਾਈ/ਸੁਣਾਈ ਦੇ ਰਹੇ
ਸਨ ਕਿਉਂਕਿ ਲੰਘੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਦਾ ਦੂਜੇ ਤੀਜੇ ਨੰਬਰ ਦੇ ਅੰਮ੍ਰਿਤਧਾਰੀ
ਮੰਤਰੀ ਨੂੰ ਉਸ ਸਮੇਂ ਨਮੋਸ਼ੀ ਝੱਲਣੀ ਪਈ ਸੀ ਜਦ ਡੇਰੇ ਅੰਦਰ ਪੱਤਰਕਾਰ ਤੋਂ ਤਸਵੀਰ ਨਾ
ਖਿਚਵਾਉਣ ਬਦਲੇ ਸੌਦਾ ਸਾਧ ਨੇ ਸਤਸੰਗ ਦੌਰਾਨ ਹੀ ਇਹ ਕਸੀਦਾ ਪੜ੍ਹ ਦਿਤਾ ਕਿ ਜੋ ਇਥੇ
ਤਸਵੀਰ ਨਹੀਂ ਖਿਚਵਾ ਸਕਦੇ ਉਨ੍ਹਾਂ ਨੂੰ ਡੇਰੇ ਦੀ ਸਾਧ ਸੰਗਤ ਕਿਵੇਂ ਅਪਣਾ ਸਕਦੀ ਹੈ, ਤਦ
ਹੱਥ ਪੈਰ ਫੁੱਲੇ ਗੁਰਸਿੱਖ ਮੰਤਰੀ ਨੇ ਖੜੇ ਹੋ ਕੇ ਮੁਆਫ਼ੀ ਮੰਗੀ, ਜਦਕਿ ਡੇਰੇ ਦੇ
ਰਾਜਨੀਤਕ ਵਿੰਗ ਨੇ ਅਕਾਲੀ ਦਲ ਨੂੰ ਹਮਾਇਤ ਦੇਣ ਸਮੇਂ ਪਾਰਟੀ ਅੰਦਰਲੇ ਸਾਬਤ ਸੂਰਤ ਸਿੱਖ
ਉਮੀਦਵਾਰਾਂ ਤੋਂ ਵੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਹਰਾ ਲਗਵਾ ਕੇ ਉਨ੍ਹਾਂ
ਨੂੰ ਅਕਾਲ ਤਖ਼ਤ ਸਾਹਿਬ ਉਪਰੋਂ ਧਾਰਮਕ ਸਜ਼ਾ ਕੱਟਣ ਲਈ ਮਜਬੂਰ ਕਰਵਾ ਦਿਤਾ ਸੀ।
ਪਰ
ਰਾਜਸੀ ਲੋਕਾਂ ਉਪਰ ਲਗਾਤਾਰ ਅਧਿਆਤਮਕ ਅਤੇ ਰਾਜਸੀ ਸ਼ਿੰਕਜਾ ਕੱਸ ਕੇ ਰਾਜਨੀਤੀ ਵਿਚ ਸਿੱਧੀ
ਦਖ਼ਲਅੰਦਾਜ਼ੀ ਕਰਨ ਵਾਲੇ ਡੇਰਾ ਸਿਰਸਾ ਮੁਖੀ ਆਖ਼ਰ ਵਿਚ ਉਨ੍ਹਾਂ ਰਾਜਸੀ ਲੋਕਾਂ ਤੋਂ ਹੀ
ਸ਼ਿਕਸਤ ਖਾ ਗਏ ਜਿਸ ਦਾ ਅੰਤ ਵੀ ਉਨਾ ਹੀ ਭਿਆਨਕ ਹੋਇਆ ਕਿਉਂਕਿ ਅੰਤ ਵਿਚ ਉਨ੍ਹਾਂ ਅਪਣੇ
ਦਿਮਾਗ ਦੀ ਵਰਤੋਂ ਕਰਨ ਦੀ ਥਾਂ ਰਾਜਸੀ ਲੋਕਾਂ ਦੇ ਵਾਅਦੇ ਅਤੇ ਦਾਅਵਿਆਂ ਉਪਰ ਭਰੋਸਾ ਕਰ
ਲਿਆ। ਜਿਨ੍ਹਾਂ ਕਾਰਨ ਦੇਸ਼ ਦੀ ਸਵਾ ਅਰਬ ਦੀ ਆਬਾਦੀ ਦੀ ਕਿਸਮਤ ਆਜ਼ਾਦੀ ਦੇ 70 ਸਾਲ ਤਕ ਵੀ
ਨਾ ਬਦਲ ਸਕੀ।