
ਐਸ.ਏ.ਐਸ.ਨਗਰ, 14 ਨਵੰਬਰ (ਸੁਖਦੀਪ ਸਿੰਘ ਸੋਈ, ਰਣਜੀਤ ਸਿੰਘ): ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਬਾਲ ਦਿਵਸ ਨੂੰ ਨਿਵੇਕਲੇ ਢੰਗ ਨਾਲ ਮਨਾਉਦਿਆਂ ਨੇੜਲੇ ਪਿੰਡ ਨਗਾਰੀ ਦੇ ਰਹਿਣ ਵਾਲੇ 11 ਸਾਲਾ ਛੋਟੇ ਜਿਹੇ ਬੱਚੇ ਦੇ ਲੀਵਰ ਦੇ ਇਲਾਜ ਲਈ 2 ਲੱਖ 35 ਹਜ਼ਾਰ ਰੁਪਏ ਦੀ ਰਾਸ਼ੀ ਬੱਚੇ ਦੇ ਗ਼ਰੀਬ ਮਾਪਿਆਂ ਨੂੰ ਭੇਂਟ ਕੀਤੀ। ਇਹ ਛੋਟਾ ਬੱਚਾ ਅਰਮਾਨ ਖ਼ਾਨ ਜੋ ਪਿੰਡ ਨਗਾਰੀ ਦਾ ਰਹਿਣ ਵਾਲਾ ਹੈ ਜਿਸ ਦਾ ਪਿਛਲੇ 2 ਸਾਲ ਤੋਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਚਲ ਰਿਹਾ ਹੈ ਪਰ ਇਸ ਦੇ ਮਾਪੇ ਅਤਿ ਗ਼ਰੀਬ ਹੋਣ ਕਾਰਨ ਇਸ ਬੱਚੇ ਦੀ ਬਿਮਾਰੀ ਦਾ ਇਲਾਜ ਕਰਾਉਣ ਤੋਂ ਅਸਮੱਰਥ ਸਨ। ਅੱਜ ਬਾਲ ਦਿਵਸ ਸਬੰਧੀ ਬੱਚੇ ਦੇ ਮਾਪਿਆਂ ਨੁੰ ਇਹ ਰਾਸੀ ਭੇਂਟ ਕੀਤੀ ਗਈ। ਉਨ੍ਹਾਂ ਅੱਗੋਂ ਕਿਹਾ ਕਿ ਇਸ ਬੱਚੇ ਦੇ ਇਲਾਜ ਲਈ ਪੈਸੇ ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ।
ਇਸ ਤੋਂ ਪਹਿਲਾਂ ਸਿੱਧੂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਸਬੰਧੀ ਬਾਲ ਦਿਵਸ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਕਿਉਂਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਬੱਚਿਆਂ ਨੇ ਹੀ ਦੇਸ ਦੀ ਵਾਗਡੋਰ ਅਪਣੇ ਹੱਥਾ ਵਿਚ ਸੰਭਾਲਣੀ ਹੈ। ਉਨ੍ਹਾਂ ਇਸ ਮੌਕੇ ਬੱਚਿਆਂ ਦੀ ਪੜ੍ਹਾਈ ਵੱਲ ਵਿਸੇਸ਼ ਤਵੱਜੋਂ ਦੇਣ ਦੀ ਲੋੜ ਤੇ ਜੋਰ ਦਿੱਤਾ। ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜੋਗਿੰਦਰ ਸਿੰਘ ਧਾਲੀਵਾਲ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਰਜਿੰਦਰ ਸਿੰਘ ਰਾਣਾ, ਕੌਂਸਲਰ ਨਰੈਣ ਸਿੰਘ ਸਿੱਧੂ, ਕੌਂਸਲਰ ਜਸਬੀਰ ਸਿੰਘ ਮਣਕੂੰ, ਕੌਂਸਲਰ ਸੁਰਿੰਦਰ ਸਿੰਘ ਰਾਜਪੂਤ, ਕੌਂਸਲਰ ਨਛੱਤਰ ਸਿੰਘ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਇੰਦਜੀਤ ਸਿੰਘ ਖੋਖਰ, ਚੌਧਰੀ ਹਰੀਪਾਲ ਸਿੰਘ ਚੋਲ੍ਹਟਾ ਕਲਾਂ ਆਦਿ ਮੌਜੂਦ ਸਨ।