
ਚੰਡੀਗੜ੍ਹ,
13 ਸਤੰਬਰ ²(ਜੈ ਸਿੰਘ ਛਿੱਬਰ): ਸਿਹਤ ਅਤੇ ਪਰਵਾਰ ਭਲਾਈ ਮੰਤਰੀ ਨੇ ਅੱਜ ਇਥੇ ਸੂਬਾ
ਪਧਰੀ ਸਮੀਖਿਆ ਮੀਟਿੰਗ ਵਿਚ ਸਿਵਲ ਸਰਜਨਾਂ ਨੂੰ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਨੂੰ ਹੋਰ
ਹਸਪਤਾਲਾਂ ਵਿਚ ਰੈਫ਼ਰ ਕਰਨ ਦੇ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ, ਰੈਫ਼ਰ ਕੇਸਾਂ ਦੀ
ਬਾਰੀਕੀ ਨਾਲ ਜਾਂਚ ਕਰਨ ਦੇ ਹਦਾਇਤਾਂ ਜਾਰੀ ਕੀਤੀਆਂ।
ਸ੍ਰੀ ਬ੍ਰਹਮ ਮਹਿੰਦਰਾ ਨੇ
ਮੀਟਿੰਗ ਦੀ ਅਗਵਾਈ ਕਰਦਿਆਂ ਸਿਵਲ ਸਰਜਨਾਂ ਨੂੰ ਹੁਕਮ ਦਿਤੇ ਕਿ ਰਾਜ ਸਰਕਾਰ ਅਤੇ ਰਾਸ਼ਟਰੀ
ਸਿਹਤ ਮਿਸ਼ਨ ਅਧੀਨ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮ ਵਲੋਂ ਮਿਆਰੀ ਸਿਹਤ ਸੇਵਾਵਾਂ
ਮੁਹਈਆ ਕਰਵਾਈਆਂ ਜਾਣ ਤਾਂ ਜੋ ਆਮ ਲੋਕਾਂ ਵਿਚ ਵਿਭਾਗ ਪ੍ਰਤੀ ਵਿਸ਼ਵਾਸ ਪੈਦਾ ਕੀਤਾ ਜਾ
ਸਕੇ।
ਉਨ੍ਹਾਂ ਕਿਹਾ ਕਿ ਇਹ ਵੇਖਣ ਵਿਚ ਆਇਆ ਹੈ ਕਿ ਜ਼ਿਲ੍ਹਾ ਪੱਧਰ ਤੋਂ ਸਿਹਤ ਸਹੂਲਤਾਂ ਸਬੰਧੀ ਮਰੀਜ਼ਾਂ ਦੇ ਅੰਕੜਿਆਂ ਸਬੰਧੀ ਅਹਿਮ ਡਾਟਾ ਸਹੀ ਢੰਗ ਨਾਲ ਨਹੀਂ ਭੇਜਿਆ ਜਾ ਰਿਹਾ।
ਉਨ੍ਹਾਂ ਸਿਵਲ ਸਰਜਨਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਹੈੱਡ ਕੁਆਰਟਰ 'ਤੇ ਭੇਜੀ ਜਾਣ ਵਾਲੀ ਸੂਚਨਾ ਅਤੇ ਜਾਣਕਾਰੀ ਦੀ ਸਮੀਖਿਆ ਨਿਜੀ ਤੌਰ 'ਤੇ ਕਰਨ ਅਤੇ ਜੇਕਰ ਅੰਕੜਿਆਂ ਵਿਚ ਕਿਸੇ ਕਿਸਮ ਗੜਬੜੀ ਜਾਂ ਗ਼ਲਤੀ ਪਾਈ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਸਿਵਲ ਸਰਜਨਾਂ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਸਿਵਲ ਸਰਜਨ ਵਿਸ਼ੇਸ਼ ਤੌਰ 'ਤੇ ਹਸਪਤਾਲਾਂ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਹਫ਼ਤਾਵਾਰ ਮੁਹਿੰਮ ਚਲਾਉਣ ਜਿਸ ਅਧੀਨ ਅਪਰੇਸ਼ਨ ਥਿਏਟਰਾਂ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਅਭਿਆਨ ਅਧੀਨ ਕੀਤੀ ਕਾਰਗੁਜ਼ਾਰੀ ਦੀ ਫ਼ੋਟੋਗ੍ਰਾਫ਼ੀ ਕਰ ਕੇ ਸਟੇਟ ਹੈੱਡ ਕੁਆਰਟਰ 'ਤੇ ਭੇਜੀ ਜਾਵੇ ਜਿਸ ਵਲੋਂ ਹੋਰ ਸਰਕਾਰੀ ਹਸਪਤਾਲਾਂ ਦੇ ਅਧਿਕਾਰੀਆਂ ਨੂੰ ਵੀ ਸਫ਼ਾਈ ਅਭਿਆਨ ਪ੍ਰਤੀ ਉਤਸ਼ਾਹਤ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਜੰਨਨੀ ਸੀਸ਼ੂ
ਸੁਰੱਖਿਆ ਕਾਰਿਆਕਰਮ ਅਤੇ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕਰਮ ਨੂੰ ਸੁਚਾਰੂ ਢੰਗ ਨਾਲ ਲਾਗੂ
ਕਰਨ ਲਈ ਆਦੇਸ਼ ਦਿਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੁਆਰਾ ਮਾਵਾਂ,
ਨਵ-ਜੰਮਿਆਂ ਬੱਚਿਆਂ, ਆਂਗਨਵਾੜੀਆਂ ਅਤੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਜੀਵਨ ਨੂੰ
ਸੁਰੱਖਿਅਤ ਕੀਤਾ ਜਾ ਰਿਹਾ ਹੈ।
ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ
ਅੰਜਲੀ ਭਾਵਰਾ ਸਿਹਤ ਅਤੇ ਪਰਵਾਰ ਭਲਾਈ, ਵਿਸ਼ੇਸ਼ ਸਕੱਤਰ ਬੀ. ਸ੍ਰੀਨਿਵਾਸਨ, ਵਰੁਣ ਰੂਜ਼ਮ
ਐਮ.ਡੀ. ਐਨ.ਐਚ.ਐਮ, ਰਾਜੀਵ ਭੱਲਾ ਡਾਇਰੈਕਟਰ ਸਿਹਤ ਅਤੇ ਪਰਵਾਰ ਭਲਾਈ ਅਤੇ ਹੋਰ ਸੀਨੀਅਰ
ਅਧਿਕਾਰੀ ਵੀ ਹਾਜ਼ਰ ਸਨ।