
ਬਠਿੰਡਾ, 6 ਫ਼ਰਵਰੀ (ਸੁਖਜਿੰਦਰ ਮਾਨ): ਕਾਂਗਰਸ ਸਰਕਾਰ ਵਲੋਂ ਇਕ ਜਨਵਰੀ ਤੋਂ ਬਠਿੰਡਾ ਥਰਮਲ ਨੂੰ ਪੱਕੇ ਤੌਰ 'ਤੇ ਬੰਦ ਕਰਨ ਵਿਰੁਧ ਸੰਘਰਸ਼ ਕਰ ਰਹੇ ਆਗੂਆਂ ਨੂੰ ਦਬਾਉਣ ਲਈ ਲੰਘੇ ਦਿਨਾਂ 'ਚ ਦਰਜ ਕੀਤੇ ਕੇਸ ਦੇ ਮਾਮਲਿਆਂ 'ਚ ਪੁਲਿਸ ਵਲੋਂ ਹੁਣ ਦਬੋਚਣਾ ਸ਼ੁਰੂ ਕਰ ਦਿਤਾ ਹੈ। ਬੀਤੀ ਸ਼ਾਮ ਥਰਮਲ ਦੀ ਤਾਲਮੇਲ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦੇ ਘਰ ਛਾਪੇਮਾਰੀ ਕੀਤੀ ਗਈ, ਹਾਲਾਂਕਿ ਇਸ ਮੌਕੇ ਉਹ ਘਰ ਮੌਜੂਦ ਨਹੀਂ ਸਨ ਪ੍ਰੰਤੂ ਪੁਲਿਸ ਪ੍ਰਸਾਸਨ ਦੀ ਇਸ ਕਾਰਵਾਈ ਤੋਂ ਆਗੂ ਚੌਕੰਨੇ ਹੋ ਗਏ ਹਨ। ਗੁਰਸੇਵਕ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਹੁਣ ਇਸ ਸੰਘਰਸ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੇ ਰਾਹ ਉਪਰ ਤੁਰ ਪਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਸਰਕਾਰ ਦੀ ਇਸ ਚਾਲ ਨੂੰ ਅਸਫ਼ਲ ਬਣਾਉਣ ਲਈ ਉਨ੍ਹਾਂ ਵਕੀਲ ਦੇ ਰਾਹੀ ਜ਼ਮਾਨਤ ਦੀ ਅਰਜ਼ੀ ਲਗਾਈ ਹੈ ਤਾਕਿ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਦਸਣਾ ਬਣਦਾ ਹੈ ਕਿ ਲੰਘੀ 25 ਜਨਵਰੀ ਨੂੰ ਸੜਕ ਰੋਕਣ ਦੇ ਵਿਰੁਧ ਪਰਚੇ ਦਰਜ ਕੀਤੇ ਗਏ ਸਨ। ਸਥਾਨਕ ਪੁਲਿਸ ਵਲੋਂ ਇਸ ਕੇਸ ਵਿਚ ਧਾਰਾ 283, 341, 431 ਅਤੇ 8 ਬੀ ਨੈਸ਼ਨਲ ਹਾਈਵੇ ਐਕਟ 1956 ਲਗਾਇਆ ਗਿਆ ਸੀ, ਜਿਹੜਾ ਗ਼ੈਰ-ਜ਼ਮਾਨਤੀ ਹੈ। ਉਕਤ ਦਿਨ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਚੇ ਕਾਮਿਆਂ ਵਲੋਂ ਚੱਲ ਰਹੇ ਪੱਕੇ ਮੋਰਚੇ ਦੇ ਧਰਨੇ ਤੋਂ ਬਾਅਦ ਇਹ ਜਾਮ ਵਰਦੇ ਮੀਹ ਵਿਚ ਲਗਾਇਆ ਗਿਆ ਸੀ। ਹਾਲਾਂਕਿ ਇਸ ਦੌਰਾਨ ਕੋਈ ਹਿੰਸਕ ਘਟਨਾ ਨਹੀਂ ਵਾਪਰੀ ਪ੍ਰੰਤੂ ਟਰੈਫ਼ਿਕ ਵਿਚ ਜ਼ਰੂਰ ਕਈ ਘੰਟੇ ਵਿਘਨ ਪੈਣ ਦੇ ਮਾਮਲੇ ਵਿਚ ਕੱਚੇ ਕਾਮਿਆਂ ਦੇ ਚੱਲ ਰਹੇ ਪੱਕੇ ਮੋਰਚੇ ਦੇ ਕਨਵੀਨਰ ਰਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਪੱਕੇ ਕਾਮਿਆਂ ਦੀ ਜਥੇਬੰਦੀ ਤਾਲਮੇਲ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਅਤੇ ਪ੍ਰਕਾਸ਼ ਸਿੰਘ ਪਾਸ਼ਾ ਸਹਿਤ ਕੱਚੇ ਕਾਮਿਆਂ ਦੇ ਆਗੂ ਇਕਬਾਲ ਸਿੰਘ ਤੇ ਵਿਜੇ ਕੁਮਾਰ ਤੋਂ ਇਲਾਵਾ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲ, ਠੇਕਾ ਮੁਲਾਜਮ ਯੂਨੀਅਨ ਦੇ ਦੀਦਾਰ ਸਿੰਘ ਮੁਦਕੀ, ਵਰਿੰਦਰ ਸਿੰਘ, ਅਪਰਅਪਾਰ ਸਿੰਘ, ਅਸਵਨੀ ਘੁੱਦਾ, ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਡੇਢ ਸੋ ਦੇ ਕਰੀਬ ਅਗਿਆਤ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।