
ਬਠਿੰਡਾ, 7 ਫ਼ਰਵਰੀ (ਸੁਖਜਿੰਦਰ ਮਾਨ): ਪੰਜਾਬ ਸਰਕਾਰ ਵਲੋਂ ਬਠਿੰਡਾ ਦੇ ਸਰਕਾਰੀ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੁਧ ਥਰਮਲ ਦੇ ਕੱਚੇ ਮੁਲਾਜ਼ਮਾਂ ਦਾ ਪੱਕੇ ਮੋਰਚੇ ਦੇ 38 ਵੇਂ ਦਿਨ ਅੱਜ ਰੋਸ ਵਜੋਂ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ। ਸ਼ਹਿਰ ਵਿਚ ਰੋਸ ਮਾਰਚ ਕਰਨ ਤੋਂ ਬਾਅਦ ਇਹ ਕਾਫ਼ਲਾ ਫ਼ੌਜੀ ਚੌਕ ਹੁੰਦਾ ਹੋਇਆ ਵਾਪਸ ਧਰਨਾ ਸਥਾਨ ਤੇ ਖ਼ਤਮ ਹੋਇਆ। ਇਸ ਤੋਂ ਪਹਿਲਾਂ ਸਥਾਨਕ ਬੱਸ ਸਟੈਂਡ ਅੱਗੇ ਅਰਥੀ ਫ਼ੂਕ ਪ੍ਰਦਰਸ਼ਨ ਦੌਰਾਨ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ।
ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ 27 ਜਨਵਰੀ ਨੂੰ ਪੀ. ਐਸ.ਪੀ.ਸੀ. ਐਲ ਦੀ ਮੈਨੇਜਮੈਟ ਵਲੋਂ ਜ਼ੁਬਾਨੀ ਸਮਝੌਤਾ ਕਰਨ ਤੋਂ ਬਾਅਦ ਜਲਦੀ ਬਠਿੰਡਾ ਆਕੇ ਲਿਖਤੀ ਸਮਝੌਤਾ ਕਰਨ 'ਤੇ ਸਹਿਮਤੀ ਬਣਾਈ ਸੀ। ਪਰ ਇੰਨੇ ਦਿਨ ਬੀਤ ਜਾਣ ਬਾਅਦ ਵੀ ਮਸਲੇ ਦਾ ਕੋਈ ਹੱਲ ਨਹੀ ਕੀਤਾ ਗਿਆ। ਧਰਨੇ ਦੌਰਾਨ ਜਥੇਬੰਦੀਆਂ ਦੇ ਆਗੂ ਟੀ. ਐਸ. ਯੂ (ਭੰਗਲ) ਤੋ ਸੂਬਾ ਮੀਤ ਪ੍ਰਧਾਨ ਰਛਪਾਲ ਸਿੰਘ, ਭੁਪਿੰਦਰ ਸਿੰਘ ਸਰਕਲ ਮੀਤ ਪ੍ਰਧਾਨ ਮਲੋਟ ਤੋਂ ਗੁਰਮੇਲ ਸਿੰਘ ਮੋੜ ਬਲਾਕ ਆਦਿ ਹਾਜ਼ਰ ਸਨ।