
ਬਠਿੰਡਾ, 3 ਫ਼ਰਵਰੀ (ਵਿਕਾਸ ਕੋਸ਼ਲ): ਸਥਾਨਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਵਿਰੁਧ ਭੜਕੇ ਥਰਮਲ ਦੇ ਕੱਚੇ-ਪੱਕੇ ਕਾਮਿਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਬਠਿੰਡਾ ਪੁੱਜਣ 'ਤੇ ਵਿਤ ਮੰਤਰੀ ਦੇ ਘਿਰਾਉ ਦੇ ਕੀਤੇ ਐਲਾਨ ਤਹਿਤ ਅੱਜ ਥਰਮਲ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵਕਤ 'ਚ ਪਾਈ ਰਖਿਆ। ਦੋਹਾਂ ਧਿਰਾਂ ਵਲੋਂ ਮਿਲ ਕੇ ਉਨ੍ਹਾਂ ਦਾ ਸ਼ਹਿਰ 'ਚ ਦੋ ਥਾਂ ਘਿਰਾਉ ਕੀਤਾ ਗਿਆ। ਅਪਣੇ ਇਕ ਪ੍ਰੋਗਰਾਮ ਤਹਿਤ ਧੋਬੀਆਣਾ ਨਗਰ ਗਲੀ ਨੰ 5 ਵਿਚ ਪੁੱਜੇ ਵਿਤ ਮੰਤਰੀ ਦਾ ਬਿਜਲੀ ਕਾਮਿਆਂ ਵਲੋਂ ਕਾਲੀਆਂ ਝੰਡੀਆਂ ਨਾਲ ਨਾਹਰੇਬਾਜ਼ੀ ਕਰ ਕੇ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਵਿਸ਼ਾਲ ਨਗਰ ਵਿਚ ਵਿੱਤ ਮੰਤਰੀ ਪਹੁੰਚੇ ਤਾਂ ਥਰਮਲ ਪਲਾਂਟ ਦੇ ਕੱਚੇ ਕਾਮੇ ਪਰਵਾਰਾਂ ਅਤੇ ਬੱਚਿਆਂ ਸਮੇਤ ਉਥੇ ਪਹੁੰਚ ਗਏ। ਜਦੋਂ ਕਿ ਉਥੇ ਪਹੁੰਚਣ ਸਾਰ ਵੱਡੀ ਗਿਣਤੀ ਵਿਚ ਪੁਲਿਸ ਪ੍ਰਸਾਸ਼ਨ ਵਲੋਂ ਰੋਕਾਂ ਲਾ ਕੇ ਕਾਮਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਥੋੜ੍ਹਾ ਸਮਾਂ ਖਿਚਾਤਾਣ ਹੋਣ ਤੋਂ ਬਾਅਦ ਕਾਮਿਆਂ ਵਲੋਂ ਕਾਲੇ ਝੰਡੇ ਦਿਖਾਉਂਦੇ ਹੋਏ ਵਿੱਤ ਮੰਤਰੀ ਵਿਰੁਧ ਨਾਹਰੇਬਾਜ਼ੀ ਕੀਤੀ।
ਥਰਮਲ ਇੰਪਲਾਈਜ਼ ਤਾਲਮੇਲ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਦਸਿਆ ਕਿ ਬਠਿੰਡਾ ਥਰਮਲ ਨੂੰ ਬੰਦ ਕਰਨ ਲਈ ਵਿਤ ਮੰਤਰੀ ਜ਼ਿੰਮੇਵਾਰ ਹਨ, ਜਿਸ ਦੇ ਚਲਦੇ ਜਦੋਂ ਕਿ ਥਰਮਲ ਨੂੰ ਦੁਬਾਰਾ ਚਾਲੂ ਨਹੀਂ ਕੀਤਾ ਜਾਂਦਾ ਤਾਂ ਇਹ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਕਿਸੇ ਵੀ ਬਿਜਲੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀ ਕਢਿਆ ਹੈ, ਇਨ੍ਹਾਂ ਦੀ ਭਰਤੀ ਠੇਕੇਦਾਰ ਰਾਹੀਂ ਹੋਈ ਸੀ ਅਤੇ ਠੇਕੇਦਾਰ ਦੇ ਮੁਲਾਜ਼ਮ ਹਨ ਪਰ ਅਸੀਂ ਘਰ ਬੈਠੇ ਕਿਸੇ ਮੁਲਾਜ਼ਮ ਨੂੰ ਤਨਖ਼ਾਹ ਤਾਂ ਨਹੀ ਦੇ ਸਕਦੇ।