ਬਠਿੰਡਾ, 3 ਨਵੰਬਰ (ਸੁਖਜਿੰਦਰ ਮਾਨ) : ਸੂਬੇ ਦੀ ਕੈਪਟਨ ਹਕੂਮਤ ਵਲੋਂ ਅੱਖਾਂ ਫੇਰ ਲੈਣ ਤੋਂ ਬਾਅਦ ਹੁਣ ਪੰਜਾਬ ਦੀ ਧਰਤੀ 'ਤੇ ਲਗਾਏ ਪਲੇਠੇ ਥਰਮਲ ਪਲਾਂਟ ਨੂੰ ਬਚਾਉਣ ਲਈ ਮੁਲਾਜ਼ਮਾਂ ਨੇ ਗੁਰੂਘਰਾਂ ਦਾ ਓਟ ਆਸਰਾ ਲੈਣਾ ਸ਼ੁਰੂ ਕਰ ਦਿਤਾ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਨਾਂ ਵਾਲੇ ਇਸ ਥਰਮਲ ਪਲਾਂਟ ਨੂੰ ਸਦਾ ਆਬਾਦ ਰੱਖਣ ਲਈ ਬਿਜਲੀ ਕਾਮਿਆਂ ਨੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਬਠਿੰਡਾ ਦੇ ਗੁਰਦੁਆਰਿਆਂ 'ਚ ਅਰਦਾਸਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਪਲਾਂਟ ਦੇ ਸੈਕੜੇ ਕੱਚੇ ਕਾਮਿਆਂ ਨੂੰ ਵੀ ਅਪਣੇ ਘਰਾਂ ਦਾ ਚੁੱਲ੍ਹਾ ਧੁਖਦਾ ਰੱਖਣ ਲਈ ਬਾਬੇ ਨਾਨਕ ਦੇ ਕ੍ਰਿਸ਼ਮੇ ਦੀ ਉਮੀਦ ਹੈ। ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਤਾਲਮੇਲ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸੰਧੂ ਮੁਤਾਬਕ ਵਿੱਤ ਮੰਤਰੀ ਨੇ ਚੋਣਾਂ ਤੋਂ ਪਹਿਲਾਂ, ਇਸ ਪਲਾਂਟ ਨੂੰ ਚਲਦਾ ਰੱਖਣ ਦਾ ਭਰੋਸਾ ਦਿਵਾਇਆ ਸੀ ਪਰ ਹੁਣ ਉਹ ਵੀ ਅਪਣੇ ਵਾਅਦੇ 'ਤੇ ਖਰੇ ਨਹੀਂ ਉਤਰ ਰਹੇ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਵਿਸ਼ਵਾਸ ਉਠ ਜਾਣ ਕਾਰਨ ਹੁਣ ਉਹ ਬਾਬੇ ਨਾਨਕ ਦੀ ਅਦਾਲਤ ਵਿਚ ਅਰਦਾਸਾਂ ਕਰਨਗੇ।

ਸਮੇਂ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਨੂੰ ਸਮਰਪਿਤ ਇਸ ਪਲਾਂਟ ਨੂੰ ਲਾਉਣ ਦਾ ਫ਼ੈਸਲਾ ਕੀਤਾ ਸੀ। ਸੂਬੇ ਦੇ ਪਹਿਲੇ ਕੋਲੇ ਵਾਲੇ ਇਸ ਥਰਮਲ ਪਲਾਂਟ ਨੇ ਇਸ ਟਿੱਬਿਆਂ ਦੀ ਧਰਤੀ ਨੂੰ ਫੁੱਲਾਂ ਨਾਲ ਮਹਿਕਾ ਦਿਤਾ ਸੀ ਭਾਵ ਇਸ ਦੇ ਲੱਗਣ ਨਾਲ ਇਸ ਇਲਾਕੇ 'ਚ ਰਾਸ਼ਟਰੀ ਖਾਦ ਕਾਰਖ਼ਾਨੇ ਸਮੇਤ ਹੋਰ ਵੱਡੇ ਉਦਯੋਗ ਵੀ ਆਏ ਸਨ। ਹੁਣ ਪਿਛਲੇ ਕੁੱਝ ਸਮੇਂ ਤੋਂ ਸਰਕਾਰਾਂ ਵਲੋਂ ਪ੍ਰਾਈਵੇਟ ਵਪਾਰੀਆਂ ਵਲ ਰੁਖ਼ ਕਰਨ ਕਰ ਕੇ ਇਸ ਥਰਮਲ ਪਲਾਂਟ ਨੂੰ ਮਿਆਦ ਪੁਗਾ ਚੁੱਕਾ ਹੋਣ ਕਾਰਨ ਬੰਦ ਕਰਨ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਸਨ। ਪਿਛਲੀਆਂ ਸਰਕਾਰ ਵਲੋਂ 715 ਕਰੋੜ ਦਾ ਕਰਜ਼ਾ ਚੁੱਕ ਕੇ ਨਾ ਸਿਰਫ਼ ਇਸ ਪਲਾਂਟ ਦੇ ਚਾਰਾਂ ਯੂਨਿਟਾਂ ਦਾ ਨਵੀਨੀਕਰਨ ਕਰਵਾਇਆ ਗਿਆ ਸੀ ਬਲਕਿ ਬਿਜਲੀ ਪੈਦਾਵਾਰ ਦੀ ਸਮਰੱਥਾ ਵੀ ਵਧਾਈ ਗਈ ਸੀ ਜਿਸ ਨਾਲ ਇਸ ਪਲਾਂਟ ਦੀ ਮਿਆਦ 15 ਸਾਲ ਹੋਰ ਵਧ ਗਈ ਹੈ। ਬਿਜਲੀ ਕਾਮਿਆਂ ਮੁਤਾਬਕ ਸੂਬੇ 'ਚ ਕਈ ਪ੍ਰਾਈਵੇਟ ਥਰਮਲ ਪਲਾਂਟ ਲੱਗਣ ਕਾਰਨ ਜਨਤਕ ਖੇਤਰ ਦੇ ਪਲਾਂਟਾਂ ਨੂੰ ਬੰਦ ਕਰਨ ਦੇ ਰਾਹ ਪਈਆਂ ਸਰਕਾਰਾਂ ਵਲੋਂ ਪਿਛਲੇ ਮਹੀਨੇ ਤੋਂ ਇਸ ਪਲਾਂਟ ਦੇ ਚਾਰਾਂ ਯੂਨਿਟਾਂ ਨੂੰ ਕੋਲੇ ਦੀ ਸਪਲਾਈ ਰੋਕ ਕੇ ਅਸਥਾਈ ਤੌਰ 'ਤੇ ਬੰਦ ਕਰ ਦਿਤਾ ਹੈ। ਦਰਜਨਾਂ ਕੱਚੇ ਕਾਮਿਆਂ ਨੂੰ ਵੀ ਘਰ ਤੋਰਨ ਦੇ ਹੁਕਮ ਹੋ ਗਏ ਹਨ। ਥਰਮਲ ਪਲਾਂਟ ਨੂੰ ਬੰਦ ਕਰਨ ਵਿਰੁਧ 11 ਤਰੀਕ ਨੂੰ ਜਥੇਬੰਦੀਆਂ ਦੀ ਮੀਟਿੰਗ
ਸੱਦੀ ਹੋਈ ਹੈ।
end-of