ਸਾਨੂੰ ਅਜਿਹਾ ਕੋਈ ਮੈਡੀਕਲ ਰਿਕਾਰਡ ਜਾਂ ਰਿਪੋਰਟ ਨਹੀਂ ਦਿੱਤੀ ਗਈ, ਜਿਸ ਤੋਂ ਪਤਾ ਲੱਗੇ ਕਿ ਖੰਡਾ ਦੀ ਮੌਤ ਕੈਂਸਰ ਨਾਲ ਹੋਈ ਹੈ- ਪਰਿਵਾਰ
ਲੰਡਨ - ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੇ ਉਹਨਾਂ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਦੇ ਨਾਲ-ਨਾਲ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਇਹ ਅਪੀਲ ਉਸ ਸਮੇਂ ਕੀਤੀ ਗਈ ਹੈ ਜਦੋਂ ਖਾਲਿਸਤਾਨ ਸਮਰਥਕਾਂ ਨੇ ਸੋਮਵਾਰ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਭਾਰਤ ਵਿਰੋਧੀ ਪ੍ਰਦਰਸ਼ਨ ਕੀਤਾ। ਮੀਡੀਆ ਮੁਤਾਬਕ ਜਾਂਚ ਦੀ ਮੰਗ ਬੈਰਿਸਟਰ ਮਾਈਕਲ ਪੋਲਕ ਕਰ ਰਹੇ ਹਨ, ਜਿਹਨਾਂ ਨੇ ਦੋਸ਼ ਲਗਾਇਆ ਕਿ ਬਰਤਾਨਵੀ ਪੁਲਿਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਖੰਡਾ ਖ਼ਤਰੇ ਵਿਚ ਸੀ।
ਪੋਲਕ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ ‘ਤੇ ਇਹ ਨਹੀਂ ਕਹਿ ਸਕਦੇ ਕਿ ਖੰਡਾ ਦੀ ਮੌਤ ਪਿੱਛੇ ਭਾਰਤ ਦਾ ਹੱਥ ਸੀ ਪਰ ਜੋ ਹਾਲਾਤ ਬਣੇ ਹੋਏ ਹਨ ਉਹ ਜਾਂਚ ਦੀ ਮੰਗ ਕਰ ਰਹੇ ਹਨ। ਖੰਡਾ ਦੀ ਇਸ ਸਾਲ 15 ਜੂਨ ਨੂੰ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਬਰਮਿੰਘਮ ਦੇ ਹਸਪਤਾਲ ਵਿਚ ਦਾਖਲ ਹੋਣ ਤੋਂ ਬਾਅਦ ਮੌਤ ਹੋ ਗਈ ਸੀ। ਮੌਤ ਦਾ ਅਧਿਕਾਰਤ ਕਾਰਨ ਖੂਨ ਦਾ ਕੈਂਸਰ ਦੱਸਿਆ ਗਿਆ ਸੀ।
ਖੰਡਾ ਦੇ ਪਰਿਵਾਰ ਨੇ ਕਿਹ ਕਿ ਉਨ੍ਹਾਂ ਨੂੰ ਅਜੇ ਤੱਕ ਅਜਿਹਾ ਕੋਈ ਮੈਡੀਕਲ ਰਿਕਾਰਡ ਜਾਂ ਰਿਪੋਰਟ ਨਹੀਂ ਦਿੱਤੀ ਗਈ, ਜਿਸ ਤੋਂ ਪਤਾ ਲੱਗੇ ਕਿ ਉਸ ਦੀ ਮੌਤ ਕੈਂਸਰ ਨਾਲ ਹੋਈ ਹੈ। ਉਸ ਦੀ ਮਾਂ, ਜੋ ਕਥਿਤ ਤੌਰ ‘ਤੇ ਗ੍ਰਹਿ ਦਫ਼ਤਰ ਦੁਆਰਾ ਵੀਜ਼ਾ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਅੰਤਿਮ-ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕੀ, ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ।