
ਸੈਨੇਟਰ ਯੰਗ ਨੇ ਕਿਹਾ, ''ਇਹ ਪ੍ਰਸਤਾਵ ਅਮਰੀਕੀ ਸਿੱਖਾਂ ਦਾ ਸਨਮਾਨ ਕਰਦਾ ਹੈ, ਜੋ ਸਾਡੇ ਰਾਸ਼ਟਰ ਦੀ ਸੰਸਕ੍ਰਿਤੀ ਤੇ ਵਿਭਿੰਨਤਾ ਦਾ ਅਨਿੱਖੜਵਾਂ ਹਿੱਸਾ ਹਨ।''
ਵਾਸ਼ਿੰਗਟਨ : ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ, ਬਲੀਦਾਨ ਤੇ ਦੇਸ਼ ਅਤੇ ਦੁਨੀਆਂ ਭਰ 'ਚ ਉਨ੍ਹਾਂ ਨਾਲ ਹੋਏ ਭੇਦਭਾਵ ਨੂੰ ਰੇਖਾਂਕ੍ਰਿਤ ਕਰਨ ਲਈ ਅਮਰੀਕੀ ਸੰਸਦ 'ਚ ਪ੍ਰਸਤਾਵ ਪੇਸ਼ ਕੀਤੇ ਗਏ ਹਨ। ਸੈਨੇਟਰ ਟਾਡ ਯੰਗ ਤੇ ਬੇਨ ਕਾਰਡਿਨ ਵਲੋਂ ਪੇਸ਼ ਕੀਤੇ ਪ੍ਰਸਤਾਵਾਂ 'ਚੋਂ ਇਕ ਵਿਚ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ, ਸਭਿਆਚਾਰਕ ਤੇ ਧਾਰਮਕ ਮਹੱਤਵ ਦਾ ਜ਼ਿਕਰ ਹੈ।
Todd Young
ਸੈਨੇਟਰ ਯੰਗ ਨੇ ਕਿਹਾ, ''ਇਹ ਪ੍ਰਸਤਾਵ ਅਮਰੀਕੀ ਸਿੱਖਾਂ ਦਾ ਸਨਮਾਨ ਕਰਦਾ ਹੈ, ਜੋ ਸਾਡੇ ਰਾਸ਼ਟਰ ਦੀ ਸੰਸਕ੍ਰਿਤੀ ਤੇ ਵਿਭਿੰਨਤਾ ਦਾ ਅਨਿੱਖੜਵਾਂ ਹਿੱਸਾ ਹਨ।'' ਉਨ੍ਹਾਂ ਕਿਹਾ, ''ਇੰਡੀਆਨਾ 10 ਹਜ਼ਾਰ ਤੋਂ ਜ਼ਿਆਦਾ ਸਿੱਖਾਂ ਦਾ ਘਰ ਹੈ ਤੇ ਮੈਂ ਉਨ੍ਹਾਂ ਦੇ ਸਨਮਾਨ 'ਚ ਪਹਿਲਾ ਪ੍ਰਸਤਾਵ ਪੇਸ਼ ਕਰਨ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਵਿਸ਼ਵ ਦਾ ਪੰਜਵਾਂ ਸੱਭ ਤੋਂ ਵੱਡਾ ਧਰਮ ਹੈ ਜਿਸ ਦੇ ਯੋਗਦਾਨ ਨਾਲ ਹੋਜ਼ਿਅਰ (ਇੰਡੀਆਨਾ ਸੂਬੇ ਦੇ ਮੂਲ ਨਿਵਾਸੀ) ਭਾਈਚਾਰਾ ਖ਼ੁਸ਼ਹਾਲ ਹੋਇਆ।'' ਸਿੱਖਾਂ ਪ੍ਰਤੀ ਸਨਮਾਨ ਪ੍ਰਗਟਾਉਂਦੇ ਹੋਏ ਪ੍ਰਸਤਾਵ 'ਚ ਅਮਰੀਕਾ ਤੇ ਵਿਸ਼ਵ ਭਰ ਦੇ ਸਿੱਖਾਂ ਨਾਲ ਹੋਏ ਭੇਦਭਾਵ ਦਾ ਵੀ ਜ਼ਿਕਰ ਕੀਤਾ ਗਿਆ।
Sikhs
ਕਾਰਡਿਨ ਨੇ ਸਿੱਖਾਂ ਦਾ ਉਨ੍ਹਾਂ ਦੇ ਸਮਾਜਕ, ਸਭਿਆਚਾਰਕ ਅਤੇ ਆਰਥਕ ਖੇਤਰ ਵਿਚ ਯੋਗਦਾਨ ਤੇ ਉਨ੍ਹਾਂ ਦੇ ਅਤੇ ਹੋਰ ਭਾਈਚਾਰਿਆਂ ਵਿਰੁਧ ਹੋਏ ਨਸਲੀ ਤੇ ਧਾਰਮਕ ਭੇਦਭਾਵ ਵਿਰੁਧ ਖੜੇ ਹੋਣ ਦੇ ਉਨ੍ਹਾਂ ਦੇ ਹੌਂਸਲੇ ਦੀ ਸ਼ਲਾਘਾ ਕੀਤੀ। ਕਾਰਡਿਨ ਨੇ ਕਿਹਾ,''ਸਿੱਖ ਅਮਰੀਕੀ ਕਈ ਪੀੜ੍ਹੀਆਂ ਤੋਂ ਅਮਰੀਕੀ ਕਹਾਣੀ ਦਾ ਇਕ ਮਾਣ ਭਰਿਆ ਹਿੱਸਾ ਰਹੇ ਹਨ ਤੇ ਉਹ ਸਾਡੇ ਰਾਸ਼ਟਰ ਤੇ ਉਨ੍ਹਾਂ ਭਾਈਚਾਰਿਆਂ ਨੂੰ ਖ਼ੁਸ਼ਹਾਲ ਕਰਨਾ ਜਾਰੀ ਰੱਖਣਗੇ, ਜਿਨ੍ਹਾਂ 'ਚ ਉਹ ਰਹਿੰਦੇ ਹਨ।''
Bhagat Singh Thind
ਸੈਨੇਟਰ ਨੇ ਅਪਣੇ ਪ੍ਰਸਤਾਵ ਵਿਚ ਚਾਰ ਮਹਾਨ ਸਿੱਖਾਂ ਦੇ ਅਮਰੀਕਾ 'ਚ ਯੋਗਦਾਨ ਦਾ ਜ਼ਿਕਰ ਵੀ ਕੀਤਾ। ਇਨ੍ਹਾਂ 'ਚੋਂ ਪਹਿਲੇ ਏਸ਼ੀਆਈ-ਅਮਰੀਕੀ ਸੰਸਦ ਮੈਂਬਰ ਦਲੀਪ ਸਿੰਘ ਸੌਂਦ ਹਨ, ਜਿਨ੍ਹਾਂ ਨੂੰ 1957 ਵਿਚ ਅਹੁਦੇ 'ਤੇ ਚੁਣਿਆ ਗਿਆ ਸੀ। 'ਫ਼ਾਈਬਰ ਆਪਟਿਕਸ' ਦੇ ਖੋਜੀ ਡਾ. ਨਰਿੰਦਰ ਕਪਾਨੀ, ਅਮਰੀਕਾ 'ਚ ਆੜੂ ਦੇ ਸੱਭ ਤੋਂ ਵੱਡੇ ਉਤਪਾਦਕ ਦੀਨਾਰ ਸਿੰਘ ਬੈਂਸ ਤੇ 'ਰੋਜ਼ਾ ਪਾਰਕਸ ਟ੍ਰੇਲਬਲੇਜ਼ਰ' ਪੁਰਸਕਾਰ ਜੇਤੂ ਗੁਰਿੰਦਰ ਸਿੰਘ ਖ਼ਾਲਸਾ ਸ਼ਾਮਲ ਹਨ। ਵਿਸ਼ਵ ਯੁੱਧ ਦੌਰਾਨ ਅਮਰੀਕਾ ਨੂੰ ਅਪਣੀ ਸੇਵਾ ਦੇਣ ਵਾਲੇ ਭਗਤ ਸਿੰਘ ਥਿੰਦ ਦੀ ਵੀ ਪ੍ਰਸਤਾਵ 'ਚ ਸ਼ਲਾਘਾ ਕੀਤੀ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।