
ਅਧਿਕਾਰੀਆਂ ਨੇ ਭਾਰਤੀ ਮੂਲ ਦੇ 41 ਸਾਲਾ ਪਿਤਾ ਨੂੰ ਹੱਤਿਆ ਦੀ ਕੋਸ਼ਿਸ਼ ਅਤੇ ਬਾਲ ਸ਼ੋਸ਼ਣ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ
ਨਿਊਯਾਰਕ - ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਚਾਰ ਮੈਂਬਰ ਵਾਲ-ਵਾਲ ਬਚੇ ਤੇ ਇਸ ਮੌਕੇ ਲੋਕਾਂ ਨੇ ਇਹ ਕਹਾਵਤ ਬੋਲੀ ਕਿ 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'। ਦਰਅਸਲ ਇਹਨਾਂ ਮੈਂਬਰਾਂ ਦੀ ਕਾਰ 75 ਮੀਟਰ ਹੇਠਾਂ ਇਕ ਚੱਟਾਨ ਨਾਲ ਜਾ ਟਕਰਾਈ। ਇਸ ਮਾਮਲੇ ਵਿਚ ਅਧਿਕਾਰੀਆਂ ਨੇ ਭਾਰਤੀ ਮੂਲ ਦੇ 41 ਸਾਲਾ ਪਿਤਾ ਨੂੰ ਹੱਤਿਆ ਦੀ ਕੋਸ਼ਿਸ਼ ਅਤੇ ਬਾਲ ਸ਼ੋਸ਼ਣ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਸ ਨੇ ਜਾਣ ਬੁੱਝ ਕੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਟੇਸਲਾ ਨੂੰ ਇਕ ਚੱਟਾਨ ਤੋਂ ਹੇਠਾਂ ਸੁੱਟ ਦਿੱਤਾ।
ਹਾਈਵੇਅ ਪੈਟਰੋਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਲੀਫੋਰਨੀਆ ਦੇ ਪਾਸਡੇਨਾ ਦੇ ਧਰਮੇਸ਼ ਏ ਪਟੇਲ ਨੂੰ ਹਸਪਤਾਲ ਤੋਂ ਰਿਹਾਅ ਹੋਣ ਤੋਂ ਬਾਅਦ ਸੈਨ ਮਾਟੇਓ ਕਾਉਂਟੀ ਜੇਲ੍ਹ ਭੇਜਿਆ ਜਾਵੇਗਾ। ਕੈਲੀਫੋਰਨੀਆ ਹਾਈਵੇਅ ਪੈਟਰੋਲ (ਸੀਐਚਪੀ) ਨੇ ਮੰਗਲਵਾਰ ਨੂੰ ਕਿਹਾ ਕਿ ਬਚਾਅ ਕਰਮੀ ਟੈਸਲਾ ਵਿਚ ਫਸੇ ਦੋ ਬੱਚਿਆਂ ਅਤੇ ਦੋ ਬਾਲਗਾਂ ਨੂੰ ਬਚਾਉਣ ਲਈ ਚੱਟਾਨ ਤੋਂ ਹੇਠਾਂ ਉਤਰੇ, ਜਦੋਂ ਇਹ ਸੋਮਵਾਰ ਨੂੰ ਸੈਨ ਫਰਾਂਸਿਸਕੋ ਨੇੜੇ ਪ੍ਰਸ਼ਾਂਤ ਮਹਾਸਾਗਰ ਦੇ ਨਾਲ ਲੱਗਦੇ ਸੁੰਦਰ ਹਾਈਵੇਅ 1 ਤੋਂ ਉਤਰ ਗਈ। ਸੀਐਚਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਏਜੰਸੀ ਨੇ ਕਿਹਾ ਕਿ ਗਵਾਹਾਂ ਦੀ ਇੰਟਰਵਿਊ ਲੈਣ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਜਾਂਚਕਰਤਾਵਾਂ ਨੂੰ "ਇਹ ਘਟਨਾ ਜਾਣਬੁੱਝ ਕੇ ਕੀਤੀ ਲੱਗੀ। CHP ਨੇ ਪਟੇਲ ਦੇ ਕਥਿਤ ਤੌਰ 'ਤੇ ਵਾਹਨ ਨੂੰ ਚੱਟਾਨ ਦੇ ਉੱਪਰ ਲਿਜਾਣ ਦਾ ਕੋਈ ਸੰਭਾਵੀ ਉਦੇਸ਼ ਨਹੀਂ ਦੱਸਿਆ। ਕੇਸੀਆਰਏ ਟੀਵੀ ਨੇ ਦੱਸਿਆ ਕਿ ਬਚਾਏ ਗਏ ਬੱਚਿਆਂ ਵਿਚ ਚਾਰ ਸਾਲ ਦੀ ਲੜਕੀ ਅਤੇ ਨੌਂ ਸਾਲ ਦਾ ਲੜਕਾ ਸੀ। ਸੈਨ ਫਰਾਂਸਿਸਕੋ ਦੇ ਇਕ ਟੀਵੀ ਨੇ ਦੱਸਿਆ ਕਿ ਪਟੇਲ ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿਚ ਡਾਕਟਰ ਸੀ।