
ਮ੍ਰਿਤਕ ਪਿਛਲੇ ਸਾਲ ਹੀ ਗਿਆ ਸੀ ਵਿਦੇਸ਼
Punjab News: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਦੇ ਪਿੰਡ ਹਸਨਪੁਰ ਦੇ ਇਕ ਨੌਜਵਾਨ ਦੀ ਜਰਮਨੀ ਵਿਚ ਹਤਿਆ ਕਰ ਦਿਤੀ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਪਿਛਲੇ ਸਾਲ ਪਰਵਾਰ ਦਾ ਗੁਜ਼ਾਰਾ ਚਲਾਉਣ ਲਈ ਜਰਮਨੀ ਗਿਆ ਸੀ, ਜਿਥੇ ਕੁੱਝ ਦਿਨ ਪਹਿਲਾਂ ਉਸ ਦੀ ਕੁੱਝ ਪਾਕਿਸਤਾਨੀ ਨੌਜਵਾਨਾਂ ਨਾਲ ਲੜਾਈ ਹੋ ਗਈ। ਇਸ ਲੜਾਈ ਵਿਚ ਨੌਜਵਾਨਾਂ ਨੇ ਉਸ ਨੂੰ ਚਾਕੂ ਮਾਰ ਕੇ ਗੰਭੀਰ ਜ਼ਖਮੀ ਕਰ ਦਿਤਾ ਸੀ, ਜਿਥੇ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਬਲਜੀਤ ਸਿੰਘ ਉਰਫ ਜੋਕੀ (37) ਪੁੱਤਰ ਧਰਮ ਸਿੰਘ ਵਾਸੀ ਪਿੰਡ ਹਸਨਪੁਰ ਵਜੋਂ ਹੋਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ ਹੈ, ਜਦਕਿ ਪਰਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਤ ਪਰਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ ਤਾਂ ਜੋ ਉਹ ਉਸ ਦਾ ਅੰਤਿਮ ਸਸਕਾਰ ਕਰ ਸਕਣ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਮ੍ਰਿਤਕ ਬਲਜੀਤ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦਸਿਆ ਕਿ ਬਲਜੀਤ ਸਿੰਘ ਦੇ ਦੋ ਬੱਚੇ ਹਨ। ਬਲਜੀਤ ਸਿੰਘ ਅਪਣੇ ਪਰਵਾਰ ਦੇ ਚੰਗੇ ਭਵਿੱਖ ਲਈ ਰੋਜ਼ੀ-ਰੋਟੀ ਕਮਾਉਣ ਪਿਛਲੇ ਸਾਲ ਜਰਮਨੀ ਗਿਆ ਸੀ ਅਤੇ ਇਸ ਸਮੇਂ ਬਰਲਿਨ ਵਿਚ ਫੂਡ ਡਿਲੀਵਰੀ ਦਾ ਕੰਮ ਕਰ ਰਿਹਾ ਸੀ। ਬੀਤੀ ਸ਼ਾਮ ਉਸ ਦੀ ਘਰ ਦੇ ਬਾਹਰ ਖੜ੍ਹੇ ਕੁੱਝ ਪਾਕਿਸਤਾਨੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਅਤੇ ਮੁਲਜ਼ਮਾਂ ਨੇ ਉਸ ਦੇ ਪੇਟ ਵਿਚ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।
ਰਣਜੀਤ ਸਿੰਘ ਨੇ ਦਸਿਆ ਕਿ ਬਲਜੀਤ ਦੇ ਇਕ ਦੋਸਤ ਨੇ ਉਸ ਨੂੰ ਫੋਨ 'ਤੇ ਸੂਚਨਾ ਦਿਤੀ ਕਿ ਬਲਜੀਤ ਸਿੰਘ ਦਾ ਕਤਲ ਹੋ ਗਿਆ ਹੈ। ਪੂਰੇ ਪਰਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦਸਿਆ ਕਿ ਬਲਜੀਤ ਸਿੰਘ ਅਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
(For more Punjabi news apart from Murder of Punjabi youth in Germany, stay tuned to Rozana Spokesman)