
ਉੱਤਰੀ ਅਮੀਰਕਾ ’ਚ ਸਿੱਖਾਂ ਦੇ ਸਾਹਮਣੇ ਵਧਦੇ ਡਰ ਅਤੇ ਅਸੁਰੱਖਿਆ ਬਾਰੇ ਚਿੰਤਾ ਪ੍ਰਗਟਾਈ
ਨਿਊਯਾਰਕ: ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐਨ.ਏ.ਪੀ.ਏ.) ਨੇ ਐਤਵਾਰ ਨੂੰ ਵਧਦੇ ਨਫ਼ਰਤੀ ਅਪਰਾਧਾਂ ਦੇ ਮੱਦੇਨਜ਼ਰ ਉੱਤਰੀ ਅਮੀਰਕਾ ’ਚ ਸਿੱਖਾਂ ਦੇ ਸਾਹਮਣੇ ਵਧਦੇ ਡਰ ਅਤੇ ਅਸੁਰੱਖਿਆ ਬਾਰੇ ਚਿੰਤਾ ਪ੍ਰਗਟਾਈ ਹੈ। ਜਥੇਬੰਦੀ ਨੇ ਕਿਹਾ ਕਿ ਪਿੱਛੇ ਜਹੇ ਵਾਪਰੀਆਂ ਘਟਨਾਵਾਂ ਨੇ ਸਿੱਖ ਅਮਰੀਕੀਆਂ ਦੀ ਸੁਰਖਿਆ ਅਤੇ ਭਲਾਈ ਬਾਰੇ ਚਿੰਤਾਜਨਕ ਸਵਾਲ ਖੜੇ ਕਰ ਦਿਤੇ ਹਨ, ਜੋ ਲੰਮੇ ਸਮੇਂ ਤੋਂ ਅਮਰੀਕਾ ਦੇ ਢਾਂਚੇ ਦਾ ਅਨਿੱਖੜਵਾਂ ਅੰਗ ਰਹੇ ਹਨ।
ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐਨ.ਏ.ਪੀ.ਏ.) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਭੇਜੀ ਇਕ ਚਿੱਠੀ ’ਚ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਸਿੱਖਾਂ ਨੂੰ ਨਫ਼ਰਤੀ ਅਪਰਾਧ, ਵਿਤਕਰੇ ਅਤੇ ਤਰਫ਼ਦਾਰੀ ਸਮੇਤ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨ.ਏ.ਪੀ.ਏ. ਦਾ ਮੰਨਣਾ ਹੈ ਕਿ ਸਿੱਖ ਅਮਰੀਕੀ ਹੋਰ ਸਾਰੇ ਘੱਟ ਗਿਣਤੀਆਂ ਦੀ ਸੁਰਖਿਆ ਯਕੀਨੀ ਕਰਨ ਲਈ ਇਨ੍ਹਾਂ ਮੁੱਦਿਆਂ ਨੂੰ ਤੁਰਤ ਹੋਰ ਵਿਆਪਕ ਰੂਪ ਨਾਲ ਸੰਬੋਧਿਤ ਕਰਨਾ ਜ਼ਰੂਰੀ ਹੈ।
ਚਹਿਲ ਨੇ ਅੱਗੇ ਕਿਹਾ ਕਿ ਸਿੱਖ ਸ਼ਾਂਤੀ, ਸਮਾਵੇਸ਼ਿਤਾ ਅਤੇ ਮਨੁੱਖਤਾ ਦੀ ਸੇਵਾ ਦੇ ਅਪਣੀਆਂ ਕਦਰਾਂ-ਕੀਮਤਾਂ ਲਈ ਪ੍ਰਸਿੱਧ ਹੈ। ਸਿੱਖਾਂ ਨੇ ਉੱਤਰੀ ਅਮਰੀਕਾ ਦੇ ਆਰਥਕ, ਸਭਿਆਚਾਰਕ ਅਤੇ ਸਮਾਜਕ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਦਿਤਾ ਹੈ ਅਤੇ ਉਹ ਅੱਜ ਵੀ ਅਣਖੀ ਨਾਗਰਿਕ ਹਨ ਜੋ ਆਜ਼ਾਦੀ ਅਤੇ ਬਰਾਬਰੀ ਦੇ ਉਨ੍ਹਾਂ ਆਦਰਸ਼ਾਂ ਨੂੰ ਸੰਜੋਦੇ ਹਨ ਜਿਨ੍ਹਾਂ ’ਤੇ ਇਸ ਦੇਸ਼ ਦੀ ਸਥਾਪਨਾ ਹੋਈ ਸੀ।
ਹਾਲਾਂਕਿ ਸਿੱਖ ਵਿਅਕਤੀਆਂ ਅਤੇ ਸੰਸਥਾਨਾਂ ਵਿਰੁਧ ਨਫ਼ਰਤੀ ਅਪਰਾਧਾਂ ’ਚ ਪਿੱਛੇ ਜਿਹੇ ਹੋਇਆ ਵਾਧਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਸਿੱਖਾਂ ਨੂੰ ਗ਼ਲਤੀ ਨਾ ਹੋਰ ਫ਼ਿਰਕਿਆਂ ਦਾ ਵਿਅਕਤੀ ਸਮਝ ਲਿਆ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਉਨ੍ਹਾਂ ਦੀ ਵਿਸ਼ੇਸ਼ ਦਿੱਖ ਹੈ, ਜਿਸ ’ਚ ਪੱਗ ਅਤੇ ਦਾੜ੍ਹੀ ਸ਼ਾਮਲ ਹਨ, ਜੋ ਉਨ੍ਹਾਂ ਦੇ ਧਰਮ ਦੀ ਪਛਾਣ ਹਨ। ਉਨ੍ਹਾਂ ਕਿਹਾ ਕਿ ਇਸ ਗ਼ਲਤਫ਼ਹਿਮੀ ਕਾਰਨ ਹਿੰਸਾ ਅਤੇ ਉਤਪੀੜਨ ਸਮੇਤ ਦਰਦਨਾਕ ਨਤੀਜੇ ਸਾਹਮਣੇ ਆਏ ਹਨ।
ਚਹਿਲ ਨੇ ਕਿਹਾ ਕਿ ਐਨ.ਏ.ਪੀ.ਏ. ਦਾ ਦ੍ਰਿੜ ਭਰੋਸਾ ਹੈ ਕਿ ਵੰਨ-ਸੁਵੰਨਤਾ ਸੰਯੁਕਤ ਰਾਜ ਅਮਰੀਕਾ ਦੀਆਂ ਤਾਕਤਾਂ ’ਚੋਂ ਇਕ ਹੈ ਅਤੇ ਹਰ ਵਿਅਕਤੀ ਨੂੰ ਅਪਣੇ ਵਿਸ਼ਵਾਸ ਦਾ ਪਾਲਣ ਕਰਨ ਅਤੇ ਵਿਤਕਰੇ ਦੇ ਡਰ ਤੋਂ ਬਗ਼ੈਰ ਰਹਿਣ ’ਚ ਸਮਰੱਥ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਅਮਰੀਕੀਆਂ ਨੂੰ ਸਿੱਖ ਅਤੇ ਹੋਰ ਘੱਟ ਗਿਣਤੀ ਸਮੂਹਾਂ ਨਾਲ ਇਕਜੁਟਤਾ ਨਾਲ ਖੜੇ ਹੋਣ, ਸਹਿਣਸ਼ੀਲਤਾ, ਮਾਣ ਅਤੇ ਸਮਝ ਦੇ ਮਾਹੌਲ ਨੂੰ ਹੱਲਾਸ਼ੇਰੀ ਦੇਣ ਦਾ ਸੱਦਾ ਦਿੰਦੇ ਹਾਂ।’’
ਚਹਿਲ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਸਿੱਖਾਂ ਦੀ ਸੁਰਖਿਆ ਲਈ ਜ਼ਰੂਰੀ ਸਾਰੇ ਉਪਾਅ ਅਪਨਾਉਣ ਦੀ ਅਪੀਲ ਕੀਤੀ। ਚਿੱਠੀ ’ਚ ਕਿਹਾ ਗਿਆ ਹੈ ਕਿ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਪੂਰੇ ਉੱਤਰੀ ਅਮਰੀਕਾ ’ਚ ਸਿੱਖ ਅਤੇ ਸਾਰੇ ਘੱਟ ਗਿਣਤੀਆਂ ਦੀ ਭਲਾਈ ਅਤੇ ਸੁਰਖਿਆ ਨੂੰ ਹੱਲਾਸ਼ੇਰੀ ਦੇਣ ਲਈ ਵਚਨਬੱਧ ਹੈ। ਆਪਸ ’ਚ ਮਿਲ ਕੇ ਸਾਰਿਆਂ ਲਈ ਪ੍ਰਵਾਨਗੀ, ਮਾਣ ਅਤੇ ਏਕਤਾ ਦਾ ਮਾਹੌਲ ਬਣਾਇਆ ਜਾ ਸਕਦਾ ਹੈ।