
ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦਾ ਜੰਮਪਲ ਹੈ ਕੋਮਲਜੀਤ ਸਿੰਘ
ਅਮਲੋਹ (ਨਾਹਰ ਸਿੰਘ ਰੰਗੀਲਾ): ਸਸਕੈਚਵਨ (ਕੈਨੇਡਾ) ਦੇ ਸ਼ਹਿਰ ਰੀਜਾਇਨਾ ਦੇ ਨਾਮਵਰ ਸ਼ਖ਼ਸੀਅਤ ਗਿਆਨੀ ਰਾਮ ਸਿੰਘ ਚੈਹਿਲਾ ਦੇ ਅੰਮ੍ਰਿਤਧਾਰੀ ਸਪੁੱਤਰ ਕੋਮਲਜੀਤ ਸਿੰਘ ਕੋਮਲ ਰੀਜਾਇਨਾ ਏਅਰਪੋਰਟ ’ਤੇ ਬਤੌਰ ਸਕਰੀਨਿੰਗ ਅਫ਼ਸਰ ਨਿਯੁਕਤ ਹੋਇਆ ਹੈ ਜਿਸ ਨੇ ਸਮੁੱਚੇ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਕਰ ਦਿਤਾ। ਇਹ ਨੌਜਵਾਨ ਇਤਿਹਾਸਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਮਲੋਹ ਸਬ ਡਵੀਜ਼ਨ ਦੇ ਪਿੰਡ ਚੈਹਿਲਾ ਦਾ ਜੰਮਪਲ ਹੈ ਜਿਸ ਨੇ ਸੈਕਰਡ ਹਾਰਟ ਸਕੂਲ ਜਲਾਲਪੁਰ (ਮੰਡੀ ਗੋਬਿੰਦਗੜ੍ਹ) ਤੋਂ ਨੌਵੀਂ ਤਕ ਦੀ ਵਿਦਿਆ ਹਾਸਲ ਕੀਤੀ ਅਤੇ ਬਾਅਦ ਵਿਚ ਰੀਜਾਇਨਾ ਸ਼ਹਿਰ ਆ ਗਿਆ।
ਉਸ ਦੇ ਪਿਤਾ ਗਿਆਨੀ ਰਾਮ ਸਿੰਘ ਨੌਜਵਾਨ ਪੀੜ੍ਹੀ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਮਾਡਰਨ ਟੈਕਨਾਲੋਜੀ ਰਾਹੀ ਨਵੇਂ ਢੰਗ ਤਰੀਕੇ ਵਰਤ ਕੇ ਹਮੇਸ਼ਾ ਨਵੇਂ ਇਤਿਹਾਸ ਸਿਰਜਦੇ ਆ ਰਹੇ ਹਨ ਅਤੇ ਅੱਜਕਲ ਕੈਲਗਰੀ ਵਿਚ ਸਿੱਖ ਵੈਲਿਯੂਸ ਲਰਨਿੰਗ ਸੈਂਟਰ ਵੀ ਚਲਾ ਰਹੇ ਹਨ। ਇਸ ਤੋਂ ਇਲਾਵਾ ਗੁਰ ਗਿਆਨ ਆਨਲਾਈਨ ਅੰਤਰਰਾਸ਼ਟਰੀ ਅਕੈਡਮੀ ਦੇ ਨਾਲ-ਨਾਲ ਕੈਨੇਡਾ ਦੇ 2 ਨੈਸ਼ਨਲ ਚੈਨਲਾਂ ਦੇ ਗੁਰ ਗਿਆਨ ਦਾ ਨਗਾਰਾ ਹਫ਼ਤਾਵਾਰੀ ਸ਼ੋਅ ਰਾਹੀ ਗੁਰਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਹਨ ਅਤੇ ਉਨ੍ਹਾਂ ਦਾ ਪੁੱਤਰ ਪਿਤਾ ਦੇ ਦਿਤੇ ਸਸਕਾਰਾਂ ਸਦਕਾ ਰੀਜਾਇਨਾ ਦੇ ਸਕੂਲ ਵਿਚ ਅਗਲੀ ਪੜ੍ਹਾਈ ਕਰਨ ਉਪਰੰਤ ਰੀਜਾਇਨਾ ਦੀ ਯੂਨੀਵਰਸਿਟੀ ਵਿਚ ਪੁਲਿਸ ਦੀ ਪੜ੍ਹਾਈ ਕੀਤੀ।
ਇਸ ਉਦਮੀ ਨੌਜਵਾਨ ਨੇ ਪੜ੍ਹਾਈ ਦੇ ਨਾਲ-ਨਾਲ ਸੁਪਰ ਸਟੋਰ ਵਿਚ ਪਹਿਲਾ ਖ਼ਜ਼ਾਨਚੀ ਦੀ ਨੌਕਰੀ ਕੀਤੀ ਅਤੇ ਜਲਦ ਹੀ ਅਪਣੀ ਲਿਆਕਤ ਸਦਕਾ ਉਥੇ ਸੁਪਰਵਾਈਜ਼ਰ ਅਤੇ ਅਸਿਸਟੈਂਟ ਮੈਨੇਜਰ ਦੀ ਨੌਕਰੀ ਕਰਨ ਉਪਰੰਤ ਲੌਬਲੋਅ ਵਿਚ ਨੌਕਰੀ ਸ਼ੁਰੂ ਕਰ ਦਿਤੀ।
ਉਹ ਇਸ ਪ੍ਰਾਪਤੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖ਼ਸ਼ਿਸ਼ ਦਸਦਾ ਹੋਇਆ ਅਪਣੇ ਪਿਤਾ ਗਿਆਨੀ ਰਾਮ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਨੂੰ ਅਪਣੇ ਰੋਲ ਮਾਡਲ ਮੰਨਦਾ ਹੈ, ਜਿਨ੍ਹਾਂ ਬਚਪਨ ਤੋਂ ਹੀ ਉਸ ਨੂੰ ਗੁਰਬਾਣੀ ਨਾਲ ਜੋੜ ਕੇ ਮਿਹਨਤ ਅਤੇ ਇਮਾਨਦਾਰੀ ਦਾ ਸਬਕ ਸਿਖਾਇਆ। ਉਸ ਨੇ ਨੌਜਵਾਨ ਪੀੜ੍ਹੀ ਨੂੰ ਅਪਣੇ ਸੰਦੇਸ਼ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਧ ’ਤੇ ਚਲਦੇ ਹੋਏ ਸਰਬੱਤ ਦੇ ਭਲੇ ਲਈ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ।