'84 ਕਤਲੇਆਮ: 8 ਘੰਟਿਆਂ 'ਚ ਉਨ੍ਹਾਂ ਸਾਡਾ ਘਰ ਲੁੱਟਿਆ, ਸਾਡੇ ਕੋਲ ਸਿੱਖੀ ਤੋਂ ਸਿਵਾਏ ਕੁੱਝ ਨਹੀਂ ਸੀ ਬਚਿਆ: ਦਲਜੀਤ ਸਿੰਘ
Published : Nov 2, 2022, 3:04 pm IST
Updated : Nov 2, 2022, 3:08 pm IST
SHARE ARTICLE
1984 Sikh genocide
1984 Sikh genocide

ਸਿੱਖ ਨਸਲਕੁਸ਼ੀ ’ਚ ਸੱਭ ਗੁਆ ਕੇ ਵੀ ਦਲਜੀਤ ਸਿੰਘ ਦਾ ਪ੍ਰਵਾਰ ਨੇਪਾਲ ’ਚ ਕਰ ਰਿਹੈ ਗੁਰੂਘਰਾਂ ਦੀ ਸੇਵਾ 

ਨਵੰਬਰ '84 ਕਤਲੇਆਮ ਦੀਆਂ ਅੱਖੀਂ ਵੇਖੀਆਂ ਸੱਚੀਆਂ ਘਟਨਾਵਾਂ
ਨਸਲਕੁਸ਼ੀ ਦਾ ਇਨਸਾਫ਼ ਨਾ ਮਿਲਿਆ ਤਾਂ ਨੇਪਾਲ ਜਾ ਵੱਸਿਆ ਨਾਨਕ ਦਾ ਕਿਰਤੀ ਸਿੱਖ

ਜਿੰਨਾ ਨੇ ਵੀ ਉਨ੍ਹਾਂ ਦਾ ਮੁਕਾਬਲਾ ਕੀਤਾ ਉਨ੍ਹਾਂ ਦਾ ਕੱਖ ਨਹੀਂ ਸੀ ਬਚਿਆ। ਅਸੀਂ ਮੁਕਾਬਲਾ ਨਾ ਕੀਤਾ ਤਾਂ ਜਾਨ ਬਚਾ ਲਈ ਪਰ ਮੈਂ ਸੱਚ ਕਹਿੰਦਾ ਹਾਂ ਉਸ ਦਿਨ ਸਾਡੇ ਕੋਲ ‘ਸਿੱਖੀ’ ਤੋਂ ਸਿਵਾਏ ਕੱੁਝ ਨਹੀਂ ਸੀ ਬਚਿਆ। ਅਸੀਂ ਛੱਤਾਂ ’ਤੇ ਡਰੇ ਹੋਏ ਬੈਠੇ ਦੇਖਦੇ ਸਾਂ ਹੁਣ ਕਿਸਦਾ ਘਰ ਲੁੱਟਿਆ ਜਾ ਰਿਹਾ। ਉਹ ਲੁੱਟ ਕੇ ਵੀ ਬਸ ਨਹੀਂ ਸਨ ਕਰਦੇ। ਉਨ੍ਹਾਂ ਨੂੰ ਨਗਰ ਪਾਲਿਕਾ ਨੇ ਖ਼ਾਸ ਪੀਲਾ ਪਾਊਡਰ (ਜਾਂ ਐਸਿਡ ) ਵੰਡਿਆ ਸੀ ਜਿਸ ਨਾਲ ਤੁਰਤ ਅੱਗ ਲੱਗ ਜਾਂਦੀ ਸੀ। ਸਾਡੇ ਘਰ ਨੂੰ ਲੁੱਟਣ ਵਿਚ ਅੱਠ ਘੰਟੇ ਲੱਗੇ, ਸਵਿਚ ਬੋਰਡ ਤਕ ਲਾਹ ਕੇ ਲੈ ਗਏ ਸਨ ਪਰ ਅੱਗ ਗੁਆਂਢੀਆਂ ਨੇ ਨਾ ਲਾਉਣ ਦਿਤੀ ਕਿਉਂਕਿ ਸਾਡੇ ਗੁਆਂਢੀ ਇਕ ਪਾਸੇ ਗੁਪਤਾ ਸੀ ਦੂਜੇ ਪਾਸੇ ਮਿਸ਼ਰਾ ਅਤੇ ਪਿਛਲੇ ਠਾਕਰ ਸੀ, ਤਾਂ ਘਰ ਸੜਨ ਤੋਂ ਬਚ ਗਿਆ। ਪਰ ਇਸ ਗੱਲ ਦਾ ਸਾਨੂੰ ਕੀ ਭਾਅ ਹੈ, ਸਾਡੇ ਕੋਲੋਂ ਤਾਂ ਸੱਭ ਕੁੱਝ ਖੁਸ ਹੀ ਗਿਆ। ਅਸੀਂ ਕਿਹੜਾ ਫਿਰ ਕਦੇ ਉਨ੍ਹਾਂ ਘਰਾਂ ਵਿਚ ਪਰਤੇ।

ਚੰਡੀਗੜ੍ਹ : ਸਿੱਖ ਨਸਲਕੁਸ਼ੀ ਸਿੱਖ ਮਨਾਂ ’ਤੇ ਗ੍ਰਹਿਣ ਵਾਂਗ ਹੈ। ਇਸ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਅਪਣੀ ਸਰਜ਼ਮੀਨ ਤਕ ਛਡਣੀ ਪਈ। ਹੱਸਦੇ-ਵਸਦੇ ਘਰ ਅਤੇ ਵਧਦੇ-ਫੁਲਦੇ ਕਾਰੋਬਾਰ ਸੱਭ ਕੁੱਝ ਘੰਟਿਆਂ ਵਿਚ ਬਰਬਾਦ ਹੋ ਗਏ। ਨੇਪਾਲ ਵਿਚ ਵਸ ਰਿਹਾ ਸ. ਦਲਜੀਤ ਸਿੰਘ ਦਾ ਪ੍ਰਵਾਰ ਵੀ ਸਿੱਖ ਨਸਲਕੁਸ਼ੀ ਦਾ ਪੀੜਤ ਹੈ। ਕਿਸੇ ਵੇਲੇ ਕਾਨਪੁਰ ਵਿਚ ਡੇਅਰੀ ਫ਼ਾਰਮ ਦਾ ਵੱਡੇ ਪੱਧਰ ਦਾ ਕੰਮ ਸੀ, ਸੱਭ ਬਹੁਤ ਵਧੀਆ ਸੀ। 31 ਅਕਤੂਬਰ ਨੂੰ ਭਾਰਤ-ਪਾਕਿਸਤਾਨ ਦੇ ਮੈਚ ਦੌਰਾਨ ਨਸਰ ਹੋਈ ਖ਼ਬਰ ਨੇ ਸੱਭ ਬਦਲ ਦਿਤਾ।

ਸਾਡਾ ਮਕਾਨ ਨੰ. 105 ਕਿਦਵੇਈ  ਨਗਰ ਵਿਚ ਸੀ। ਮੈਂ ਜਦ ਸਕੂਟਰ ’ਤੇ ਵਾਪਸ ਘਰ ਆ ਰਿਹਾ ਸੀ ਸੱਭ ਇਵੇਂ ਦੇਖ ਰਹੇ ਸਨ ਜਿਵੇਂ ਸਰਦਾਰ ਗੁਨਾਹਗਾਰ ਜਾ ਰਿਹਾ। ਅਸੀਂ ਡੇਅਰੀ ਫ਼ਾਰਮ ਆ ਕੇ ਮੱਝਾਂ ਚੋਣੀਆਂ ਸ਼ੁਰੂ ਕੀਤੀਆਂ ਇੰਨੀ ਦੇਰ ਵਿਚ ਮਾਉਵਾਦੀ ਆਇਆ ਅਤੇ ਡੇਅਰੀ ਫ਼ਾਰਮ ਨੂੰ ਅੱਗ ਲਗਾ ਦਿਤੀ। ਮੱਝਾਂ ਭੱਜ ਗਈਆਂ ਅਤੇ ਅਸੀਂ ਸਾਰਾ ਟੱਬਰ ਛੱਤ ’ਤੇ ਬੈਠੇ ਰਹੇ। ਅਸੀਂ ਸਾਰੀ ਰਾਤ ਛੱਤ ਤੋਂ ਅੱਗਾਂ, ਚੀਕ-ਚਿਹਾੜੇ, ਲੁੱਟਾਂ ਦੇਖਦੇ ਰਹੇ। 

ਸਵੇਰ ਹੋਣ ’ਤੇ ਨਾਲ ਦੇ ਘਰ ਦੇ ਗੁਆਂਢੀ ਮੁੰਡੇ ਨੇ ਦਸਿਆ ਕਿ ਤੁਹਾਡੇ ਘਰ ਬਾਰੇ ਗੱਲ ਕਰਦੇ ਪਏ ਸਨ ਕਿ 103 ਰਹਿ ਗਿਆ ਹੈ। ਪਰ ਸਾਡਾ ਭਲਾਮਾਣਸ ਗੁਆਂਢੀ ਠਾਕਰ ਸਾਨੂੰ ਪ੍ਰਵਾਰ ਸਮੇਤ ਲੈ ਗਿਆ। ਉਸ ਨੇ ਸਾਨੂੰ ਅਪਣੀ ਕੋਠੀ ਦੀ ਤੀਜੀ ਮੰਜ਼ਲ ’ਤੇ ਜਿੰਦਰਾ ਲਗਾ ਦਿਤਾ। ਉਧਰ ਮਾਉਵਾਦੀ ਘਰ ਲੁੱਟਦੇ ਰਹੇ । ਅਸੀਂ ਸੱਭ ਸਹਿਮੇ ਇਕ ਕਮਰੇ ਵਿਚ ਬੰਦ ਸੀ। ਉਹ ਸੱਭ ਲੁੱਟ ਕੇ ਲੈ ਗਏ ਇਕ ਵੀ ਕਪੜਾ, ਚੱਪਲ, ਬੂਟ ਤਕ ਨਾ ਛਡਿਆ। ਬਸ ਅੱਗ ਨਾ ਲਗਾਈ। ਗਾਵਾਂ ਦੇ ਦੁੱਧ ਦੇ ਡਰੰਮ ਡੋਲਦੇ ਉਹ ਉੱਚੀ-ਉੱਚੀ ਬੋਲ ਰਹੇ ਸੀ,‘ਦੁੱਧ ਨਾ ਪੀਣਾ ਸਰਦਾਰਾਂ ਨੇ ਜ਼ਹਿਰ ਮਿਲਾਇਆ ਹੋਵੇਗਾ।’ 

ਅਸੀਂ ਉਸ ਤੋਂ ਬਾਅਦ ਠਾਕਰ ਦੇ ਤੂੜੀ ਵਾਲੇ ਕਮਰੇ ਵਿਚ ਰਹੇ, ਅਸੀਂ 12 ਜੀਅ ਉਸ ਛੋਟੇ ਕਮਰੇ ਵਿਚ ਸੀ। ਫਿਰ ਸਾਨੂੰ ਸਾਕੇਤ ਨਗਰ ਥਾਣੇ ਲਿਜਾਇਆ ਗਿਆ, ਪਰ ਕੋਈ ਕਾਰਵਾਈ ਨਾ ਹੋਈ, ਨਾ ਇਨਸਾਫ਼ ਦੀ ਕੋਈ ਗੱਲ ਹੋਈ। ਉਨ੍ਹਾਂ ਸਾਨੂੰ ਟਰੱਕ ਵਿਚ ਬਿਠਾਇਆ, ਸੈਂਟਰ ਜੇਲ ਦੇ ਕੈਂਪ ਵਿਚ ਲੈ ਗਏ। ਅਸੀਂ ਇਸ ਮਗਰੋਂ ਰੋਡ ’ਤੇ ਆਂ ਗਏ ਸਾਂ। ਸਾਡੇ ਨਾਲ ਭੈਣ ਸੀ, ਭਰਜਾਈਆਂ ਸੀ, ਭੈਣ ਦਾ ਵਿਆਹ ਦਿਤਾ ਸੀ ਜਨਵਰੀ 1985 ਦਾ ਉਹ ਸੱਭ ਲੈ ਗਏ। ਉਨ੍ਹਾਂ ਸਾਡੇ ਘਰਾਂ ਦਾ ਸਮਾਨ ਕੌਡੀ ਭਾਅ ਵੇਚਿਆ। ਸਾਨੂੰ ਪੰਜ ਮਹੀਨੇ ਬਾਅਦ ਇਕ ਪਲੇਟ ਮਿਲੀ ਸੀ ਜਿਸ ’ਤੇ ਸਾਡੇ ਪਿਤਾ ਜੀ ਦਾ ਨਾਮ ਲਿਖਿਆ ਸੀ।

ਹੋਰ ਸੱਭ ਸਮਾਨ ਉਹ ਸਾੜ ਗਏ ਸੀੇ। ਇਥੋਂ ਤਕ ਕੇ ਸਾਡੇ ਘਰ  ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਨ, ਉਹ ਕੂਲਰ ਦੀ ਟੈਂਕੀ ਵਿਚ ਰੱਖ ਕੇ ਅੱਗ ਲਾ ਗਏ ਸਨ। ਅਸੀਂ ਅਪਣੇ ਪਾਲੀ ਤੋਂ ਉਵੇਂ ਬੋਰੀ ’ਚ ਪਵਾਕੇ ਗੰਗਾ ਵਿਚ ਪ੍ਰਵਾਹਤ ਕਰਵਾਇਆ। ਉਹ ਵੀ ਭੁੱਬ ਮਾਰ ਰੋਇਆ ਕਿ ਸਰਦਾਰ ਜੀ ਤੁਹਾਨੂੰ ਮੁਹੱਲੇ ਵਾਲਿਆਂ ਨੇ ਹੀ ਲੁੱਟਿਆ। 84 ਮਗਰੋਂ ਸਾਡਾ ਕੁੱਝ ਨਹੀਂ ਸੀ ਬਚਿਆ। ਅਸੀਂ ਲੀੜੇ ਤਕ ਕੈਪਾਂ ਵਿਚੋਂ ਲੈ ਕੇ ਪਾਏ। ਮੁਆਵਜ਼ੇ ਦੇ ਤੌਰ ’ਤੇ ਛੇ ਹਜ਼ਾਰ ਰੁਪਿਆ ਮਿਲਿਆ। ਅਸੀਂ ਕਾਨਪੁਰ ਛੱਡ ਕੇ ਲੁਧਿਆਣੇ ਆ ਗਏ। ਇਥੇ ਰੁਜ਼ਗਾਰ ਦੁਬਾਰਾ ਚਲਿਆ ਸੀ ਕਿ 1988 ਹੜ੍ਹਾਂ ਦੀ ਮਾਰ ਪੈ ਗਈ।

ਫਿਰ ਬਰਬਾਦ ਹੋ ਗਏ ਤੇ ਉੱਥੋਂ ਉਜੜ ਕੇ ਨੇਪਾਲ ਆ ਗਏ। ਇਥੇ ਆ ਕਿ ਹੁਣ ਜ਼ਿੰਦਗੀ ਸੁਖਾਲੀ ਹੈ। ਪਰ ਇਨਸਾਫ਼ ਦੇ ਨਾਂਅ ਪੰਜਾਬੋਂ ਬਸ ਗੇੜੇ ਹੀ ਮਿਲੇ। ਵੱਡੇ-ਵੱਡੇ ਸਰਦਾਰ ਅਫ਼ਸਰ ਸਿੱਖਾਂ ਨਾਲ ਨਾ ਖੜੇ। ਅੱਜ ਜਦ ਵੀ ਉਜਾੜੇ ਦਾ ਉਹ ਮੰਜਰ ਯਾਦ ਆਉਂਦਾ ਤਾਂ ਸੁੱਤਾ ਨਈ ਜਾਂਦਾ। ਕਈ -ਕਈ ਦਿਨ ਕਾਨਪੁਰ ਦਾ ਅੱਗ ਦੀਆਂ ਲਿਪਟਾਂ ’ਚ ਬਲਦਾ ਅਸਮਾਨ ਦਿਸਦਾ ਹੈ। ਮੁਕਾਬਲਾ ਕਰਨ ਵਾਲੇ ਸਿੱਖਾਂ ਦੇ ਗਲਾਂ ਪਏ ਟਾਇਰ ਸੌਣ ਨਹੀਂ ਦਿੰਦੇ। ਭਾਰਤੀ ਹਕੂਮਤ ਨੇ ਨਸਲਕੁਸ਼ੀ ਕਰ ਕੇ ਸਾਨੂੰ ਬਿਨਾਂ ਕਿਸੇ ਕਸੂਰ ਤੋਂ ਸਜ਼ਾ ਦੇ ਦਿਤੀ। ਅੱਜ ਨੇਪਾਲ ਵਿਚ ਇਥੇ ਸਰਦਾਰ ਹੋਣ ਕਰ ਕੇ ਬਹੁਤ ਇੱਜ਼ਤ ਮਿਲਦੀ ਪਰ ਅਪਣੇ ਦੇਸ਼ ਨੇ ਸਾਨੂੰ ਕੁੱਝ ਨਹੀਂ ਦਿਤਾ, ਨਾ ਹੀ ਦੇਣਾ। ਇਨਸਾਫ਼ ਦੇ ਨਾਂਅ ’ਤੇ ਬਸ ਫ਼ਾਈਲਾਂ ਅਤੇ ਫੇਰੇ ਹੀ ਮਿਲੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement