
ਐਮ.ਆਈ.ਟੀ. ਫਿਰ ਬਣੀ ਦੁਨੀਆਂ ਦੀ ਬਿਹਤਰੀਨ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਭਾਰਤ ਦੀਆਂ ਕੇਂਦਰੀ ਯੂਨੀਵਰਸਿਟੀਆਂ ’ਚ ਪਹਿਲੇ ਸਥਾਨ ’ਤੇ
ਨਵੀਂ ਦਿੱਲੀ: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਮੁੰਬਈ ਅਤੇ ਦਿੱਲੀ ਨੂੰ ਦੁਨੀਆਂ ਦੀਆਂ ਚੋਟੀ ਦੀਆਂ 150 ਯੂਨੀਵਰਸਿਟੀਆਂ ਵਿਚ ਸ਼ਾਮਲ ਕੀਤਾ ਗਿਆ ਹੈ, ਜਦਕਿ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮ.ਆਈ.ਟੀ.) ਨੇ 13ਵੀਂ ਵਾਰ ਵਿਸ਼ਵ ਪੱਧਰ ’ਤੇ ਬਿਹਤਰੀਨ ਯੂਨੀਵਰਸਿਟੀ ਵਜੋਂ ਅਪਣਾ ਸਥਾਨ ਬਰਕਰਾਰ ਰੱਖਿਆ ਹੈ। ਇਹ ਜਾਣਕਾਰੀ ਬੁਧਵਾਰ ਨੂੰ ਜਾਰੀ ਕਿਊ.ਐਸ. ਵਰਲਡ ਯੂਨੀਵਰਸਿਟੀ ਰੈਂਕਿੰਗ, 2025 ’ਚ ਦਿਤੀ ਗਈ।
ਆਈ.ਆਈ.ਟੀ. ਬੰਬਈ ਪਿਛਲੇ ਸਾਲ ਦੇ 149ਵੇਂ ਸਥਾਨ ਤੋਂ 31 ਰੈਂਕ ਦੀ ਛਾਲ ਮਾਰ ਕੇ 118ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਆਈ.ਆਈ.ਟੀ. ਦਿੱਲੀ ਅਪਣੀ ਰੈਂਕਿੰਗ ’ਚ 47 ਰੈਂਕ ਦੇ ਸੁਧਾਰ ਨਾਲ ਵਿਸ਼ਵ ਪੱਧਰ ’ਤੇ 150ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਲੰਡਨ ਸਥਿਤ ਉੱਚ ਸਿੱਖਿਆ ਵਿਸ਼ਲੇਸ਼ਕ ‘ਕੁਆਕਕੁਰੇਲੀ ਸਾਈਮੰਡਸ’ (ਕਿਊ.ਐ.ਸ) ਵਲੋਂ ਪ੍ਰਕਾਸ਼ਤ ਵੱਕਾਰੀ ਰੈਂਕਿੰਗ ਦੇ ਅਨੁਸਾਰ, ਦਿੱਲੀ ਯੂਨੀਵਰਸਿਟੀ ਅਪਣੇ ਗ੍ਰੈਜੂਏਟਾਂ ਦੀ ਰੁਜ਼ਗਾਰ ਯੋਗਤਾ ਦੇ ਮਾਮਲੇ ’ਚ ਚੰਗੀ ਸਥਿਤੀ ’ਚ ਹੈ ਅਤੇ ‘ਰੁਜ਼ਗਾਰ ਯੋਗਤਾ ਨਤੀਜੇ’ ਦੀ ਸ਼੍ਰੇਣੀ ’ਚ ਵਿਸ਼ਵ ਪੱਧਰ ’ਤੇ 44ਵੇਂ ਸਥਾਨ ’ਤੇ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀ ਯੂਨੀਵਰਸਿਟੀ ਇਸ ਸਾਲ 1101 ’ਤੇ ਪਹੁੰਚ ਗਈ ਹੈ। ਪਟਿਆਲਾ ਸਥਿਤ ਥਾਪਰ ਯੂਨੀਵਰਸਿਟੀ ਵੀ ਪਿਛਲੇ ਸਾਲ ਵਾਂਗ ਇਸ ਸਾਲ 976ਵੇਂ ਰੈਂਕ ’ਤੇ ਹੈ। ਚੰਡੀਗੜ੍ਹ ਯੂਨੀਵਰਿਸਿਟੀ ਇਸ ਸਾਲ 776 ’ਤੇ ਹੈ।
ਰੈਂਕਿੰਗ ਦੇ ਇਸ ਐਡੀਸ਼ਨ ’ਚ 46 ਯੂਨੀਵਰਸਿਟੀਆਂ ਨੂੰ ਸ਼ਾਮਲ ਕਰਨ ਨਾਲ, ਭਾਰਤੀ ਉੱਚ ਸਿੱਖਿਆ ਪ੍ਰਣਾਲੀ ਪ੍ਰਤੀਨਿਧਤਾ ਦੇ ਮਾਮਲੇ ’ਚ ਵਿਸ਼ਵ ਪੱਧਰ ’ਤੇ ਸੱਤਵੇਂ ਅਤੇ ਏਸ਼ੀਆ ’ਚ ਤੀਜੇ ਸਥਾਨ ’ਤੇ ਹੈ, ਸਿਰਫ ਜਾਪਾਨ (49 ਯੂਨੀਵਰਸਿਟੀਆਂ) ਅਤੇ ਚੀਨ (ਮੇਨਲੈਂਡ) (71 ਯੂਨੀਵਰਸਿਟੀਆਂ) ਤੋਂ ਬਾਅਦ। ਦੁਨੀਆਂ ਦੇ ਚੋਟੀ ਦੇ 400 ਸੰਸਥਾਨਾਂ ’ਚ ਦੋ ਹੋਰ ਐਂਟਰੀਆਂ ਹਨ ਜਿਨ੍ਹਾਂ ’ਚ ਦਿੱਲੀ ਯੂਨੀਵਰਸਿਟੀ 328 ਅਤੇ ਅੰਨਾ ਯੂਨੀਵਰਸਿਟੀ 383ਵੇਂ ਸਥਾਨ ’ਤੇ ਹੈ।
ਭਾਰਤ ਦੇ ਰੁਜ਼ਗਾਰ ਨਤੀਜੇ ਦੇ ਅੰਕੜੇ 23.8 ਦੇ ਗਲੋਬਲ ਔਸਤ ਨਾਲੋਂ 10 ਪੜਾਅ ਘੱਟ ਹਨ, ਜੋ ਨੌਕਰੀ ਦੀਆਂ ਜ਼ਰੂਰਤਾਂ ਅਤੇ ਗ੍ਰੈਜੂਏਟਾਂ ਦੇ ਹੁਨਰ ਵਿਚਕਾਰ ਅੰਤਰ ਨੂੰ ਪੂਰਾ ਕਰਨ ਅਤੇ ਨਵੇਂ ਗ੍ਰੈਜੂਏਟਾਂ ਲਈ ਵਧੇਰੇ ਮੌਕੇ ਪੈਦਾ ਕਰਨ ਦੀ ਜ਼ਰੂਰਤ ਦਾ ਸੰਕੇਤ ਦਿੰਦੇ ਹਨ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਸਿੰਘ ਨੇ ਬੁਧਵਾਰ ਨੂੰ ਕਿਊ.ਐਸ. ਰੈਂਕਿੰਗ 2025 ’ਚ ਯੂਨੀਵਰਸਿਟੀ ਦੇ ਬਿਹਤਰ ਪ੍ਰਦਰਸ਼ਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿਤੀ।
ਭਾਰਤ ਦੀਆਂ ਕੇਂਦਰੀ ਯੂਨੀਵਰਸਿਟੀਆਂ ’ਚ ਚੋਟੀ ਦਾ ਸਥਾਨ ਹਾਸਲ ਕਰਦਿਆਂ, ਡੀ.ਯੂ. ਪਿਛਲੇ ਸਾਲ ਦੀ ਰਾਸ਼ਟਰਵਿਆਪੀ ਰੈਂਕਿੰਗ ’ਚ ਨੌਵੇਂ ਸਥਾਨ ਤੋਂ ਇਸ ਸਾਲ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਪ੍ਰਾਪਤੀ ’ਤੇ ਚਾਨਣਾ ਪਾਉਂਦਿਆਂ ਯੋਗੇਸ਼ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਚੋਟੀ ਦੇ 10 ਸੰਸਥਾਨਾਂ ’ਚ ਦਿੱਲੀ ਯੂਨੀਵਰਸਿਟੀ ਨੇ ਸੱਭ ਤੋਂ ਮਹੱਤਵਪੂਰਨ ਪ੍ਰਗਤੀ ਵਿਖਾ ਈ ਹੈ ਅਤੇ ਵਿਸ਼ਵ ਸੂਚੀ ’ਚ 79ਵੇਂ ਸਥਾਨ ’ਤੇ ਪਹੁੰਚ ਗਿਆ ਹੈ।