
ਬੀਰਕਵਲ ਸਿੰਘ ਆਨੰਦ ਨੇ ਕਿਹਾ, “ਮੈਂ ਬਹੁਤ ਅਪਮਾਨਿਤ ਮਹਿਸੂਸ ਰਿਹਾ ਹਾਂ"।
ਟੋਰਾਂਟੋ: ਸਿਟੀ ਆਫ ਟੋਰਾਂਟੋ ਨੇ ਸ਼ਹਿਰ ਦੇ ਸੁਰੱਖਿਆ ਗਾਰਡਾਂ ਲਈ ਕਲੀਨ ਸ਼ੇਵ ਹੋਣਾ ਲਾਜ਼ਮੀ ਕੀਤਾ ਹੈ। ਇਸ ਫ਼ੈਸਲੇ ਨਾਲ 100 ਦੇ ਕਰੀਬ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ ਗਿਆ। ਦਰਅਸਲ ਕੋਵਿਡ-19 ਦੇ ਪ੍ਰਕੋਪ ਨਾਲ ਜੂਝ ਰਹੇ ਸ਼ਹਿਰ ਦੇ ਬੇਘਰ ਸ਼ੈਲਟਰਾਂ ਵਿਚ ਕੰਮ ਕਰ ਰਹੇ ਸੁਰੱਖਿਆ ਗਾਰਡਾਂ ਲਈ N95 ਮਾਸਕ ਪਹਿਨਣਾ ਲਾਜ਼ਮੀ ਹੈ। ਏਐਸਪੀ ਸੁਰੱਖਿਆ ਲਈ ਕੰਮ ਕਰਨ ਵਾਲੇ ਸਿੱਖ ਬੀਰਕਵਲ ਸਿੰਘ ਆਨੰਦ ਨੇ ਕਿਹਾ, “ਮੈਂ ਬਹੁਤ ਅਪਮਾਨਿਤ ਮਹਿਸੂਸ ਰਿਹਾ ਹਾਂ"। ਉਹਨਾਂ ਦਾ ਕਹਿਣਾ ਹੈ, “ਜੇਕਰ ਤੁਸੀਂ ਮੈਨੂੰ ਆਪਣੀ ਦਾੜ੍ਹੀ ਕਟਵਾਉਣ ਲਈ ਕਹਿੰਦੇ ਹੋ ਤਾਂ ਇਹ ਮੇਰੇ ਲਈ ਆਪਣੀ ਚਮੜੀ ਨੂੰ ਛਿੱਲਣ ਵਰਗਾ ਹੈ।"
ਸਿੱਖ ਭਾਈਚਾਰੇ ਦੇ ਲੋਕਾਂ ਵਿਚ ਇਸ ਫੈਸਲੇ ਨੂੰ ਲੈ ਕੇ ਨਿਰਾਸ਼ਾ ਪਾਈ ਜਾ ਰਹੀ ਹੈ। ਕੈਨੇਡਾ ਦੇ ਰੱਖਿਆ ਮੰਤਰੀ ਰਹੇ ਹਰਜੀਤ ਸਿੰਘ ਸੱਜਣ ਨੇ ਇਸ ’ਤੇ ਨਾਰਾਜ਼ਗੀ ਜਤਾਈ ਹੈ। ਇਸ ਸਬੰਧੀ ਟਵੀਟ ਕਰਦਿਆਂ ਹਰਜੀਤ ਸਿੰਘ ਸੱਜਣ ਨੇ ਲਿਖਿਆ, “ਇਕ ਸਾਬਕਾ ਸਿਪਾਹੀ ਅਤੇ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਮੈ ਇਸ ਤੋਂ ਨਿਰਾਸ਼ ਹਾਂ। ਸਾਡੀਆਂ ਫੌਜੀ ਅਤੇ ਪੁਲਿਸ ਸੇਵਾਵਾਂ ਨੇ ਇਸ ਦੇ ਵਿਕਲਪ ਲੱਭੇ ਹਨ। ਮੈਂ ਟੋਰਾਂਟੋ ਸ਼ਹਿਰ ਨੂੰ ਹੱਲ ਲੱਭਣ ਅਤੇ ਇਹਨਾਂ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਉਤਸ਼ਾਹਿਤ ਕਰਾਂਗਾ”।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਵੀ ਟੋਰਾਂਟੋ ਸਿਟੀ ਨੂੰ ਇਹਨਾਂ ਨਿਯਮਾਂ ਵਿਚ ਬਦਲਾਅ ਕਰਨ ਦੀ ਮੰਗ ਕੀਤੀ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਗਾਰਡਾਂ ਵਿਚੋਂ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੂਪ ਵਿਚ ਭਾਰਤ ਤੋਂ ਕੈਨੇਡਾ ਆਏ ਸਨ ਅਤੇ ਉਹਨਾਂ ਨੂੰ ਰੁਜ਼ਗਾਰ ਅਤੇ ਸਥਾਈ ਨਿਵਾਸ ਦੀ ਲੋੜ ਹੁੰਦੀ ਹੈ। ਇਸ ਮਗਰੋਂ ਸਿਟੀ ਆਫ ਟੋਰਾਂਟੋ ਨੇ ਆਪਣੇ ਕੰਟਰੈਕਟਰਜ਼ ਨੂੰ ਅਜਿਹੇ ਸੁਰੱਖਿਆ ਗਾਰਡ ਨੂੰ ਮੁੜ ਬਹਾਲ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ ਜੋ ਆਪਣੀ ਨੌਕਰੀ ਗੁਆ ਬੈਠੇ ਹਨ।
ਸਿਟੀ ਨੇ ਇਕ ਨਿਊਜ਼ ਰੀਲੀਜ਼ ਵਿਚ ਕਿਹਾ, "ਸਿਟੀ ਨੇ ਇਹਨਾਂ ਕੰਟਰੈਕਟਰਜ਼ ਨੂੰ ਧਾਰਮਿਕ ਛੋਟਾਂ ਦੀ ਬੇਨਤੀ ਕਰਨ ਵਾਲੇ ਉਹਨਾਂ ਕਰਮਚਾਰੀਆਂ ਨੂੰ ਤੁਰੰਤ ਮੁੜ ਬਹਾਲ ਕਰਨ ਲਈ ਨਿਰਦੇਸ਼ ਦਿੱਤਾ ਹੈ, ਜਿਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ”। ਇਸ ਵਿਚ ਕਿਹਾ ਗਿਆ ਹੈ ਕਿ ਜਾਂਚ ਦੇ ਹਿੱਸੇ ਵਜੋਂ ਸ਼ਹਿਰ ਦੀ ਨੀਤੀ ਜਾਂ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੀ ਉਲੰਘਣਾ ਕਰਦੇ ਪਾਏ ਜਾਣ ਵਾਲੇ ਕਿਸੇ ਵੀ ਕੰਟਰੈਕਟਰ ਦੇ ਇਕਰਾਰਨਾਮੇ ਨੂੰ ਖਤਮ ਕਰਨ ਅਤੇ ਇਸ ਸਬੰਧੀ ਕਾਨੂੰਨੀ ਵਿਕਲਪਾਂ 'ਤੇ ਵਿਚਾਰ ਕੀਤੀ ਜਾਵੇਗੀ।