
ਪਨਾਹ ਲੈਣ ਵਾਲੇ ਭਾਰਤੀਆਂ ਦੀ ਗਿਣਤੀ ਵਧਣ ਤੋਂ ਅਧਿਕਾਰੀਆਂ ਨੇ ਲਾਇਆ ਅਨੁਮਾਨ
Some Indian youth deliberately join pro-Khalistan protests to seek asylum in Canada News: ‘‘ਕੈਨੇਡਾ ’ਚ ਹੋ ਰਹੇ ਖ਼ਾਲਿਸਤਾਨ-ਪਖੀ ਪ੍ਰਦਰਸ਼ਨਾਂ ’ਚ ਕੁਝ ਭਾਰਤੀ ਨੌਜਵਾਨ ਤੇ ਆਰਜ਼ੀ ਨਿਵਾਸੀ ਜਾਣ-ਬੁਝ ਕੇ ਭਾਗ ਲੈ ਰਹੇ ਹਨ ਕਿ ਤਾਂ ਜੋ ਉਨ੍ਹਾਂ ਨੂੰ ਇਸ ਦੇਸ਼ ’ਚ ਸ਼ਰਨਾਰਥੀਆਂ ਵਜੋਂ ਪਨਾਹ ਮਿਲ ਸਕੇ।’’ ਅਜਿਹਾ ਦਾਅਵਾ ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ਨਾਲ ਜੁੜੇ ਕੁਝ ਸੂਤਰਾਂ ਨੇ ਮੀਡੀਆ ਰਿਪੋਰਟਾਂ ਰਾਹੀਂ ਕੀਤਾ ਹੈ।
ਭਾਰਤੀ ਅਧਿਕਾਰੀਆਂ ਨੇ ਇਹ ਗੱਲ ਨੋਟ ਕੀਤੀ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਭਾਰਤੀ ਨੌਜਵਾਨਾਂ ਦੇ ‘ਭਾਰਤ-ਵਿਰੋਧੀ ਰੈਲੀਆਂ’ ’ਚ ਸ਼ਾਮਲ ਹੋਣ ਦਾ ਰੁਝਾਨ ਬਹੁਤ ਜ਼ਿਾਦਾ ਵਧ ਗਿਆ ਹੈ। ਇਹ ਨੌਜਵਾਨ ਇਨ੍ਹਾਂ ਪ੍ਰਦਰਸ਼ਨਾਂ ’ਚ ਸਰੇਆਮ ਸ਼ਾਮਲ ਹੁੰਦੇ ਹਨ ਤੇ ਫਿਰ ਅਪਣੀ ਹੋਂਦ ਨੂੰ ਜ਼ਾਹਿਰ ਕਰਨ ਲਈ ਉਹ ਅਪਣੀਆਂ ਸੈਲਫ਼ੀਆਂ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦੇ ਹਨ। ਇਹ ਤਸਵੀਰਾਂ ਉਹ ਆਪਣੀਆਂ ਇਮੀਗ੍ਰੇਸ਼ਨ ਅਰਜ਼ੀਆਂ ਨਾਲ ਨੱਥੀ ਵੀ ਕਰ ਰਹੇ ਹਨ।
ਅਧਿਕਾਰੀਆਂ ਅਨੁਸਾਰ ‘ਇਹ ਸਾਰਾ ਇਕ ਵੱਡਾ ਘੁਟਾਲਾ ਹੈ।’ ਇਸ ਤੱਥ ਤੋਂ ਸਾਰੇ ਵਾਕਫ਼ ਹਨ ਕਿ ਕੈਨੇਡਾ ਨੇ ਹੁਣ ਅਪਣੇ ਇਮੀਗ੍ਰੇਸ਼ਨ ਨਿਯਮ ਬਹੁਤ ਜ਼ਿਆਦਾ ਸਖ਼ਤ ਕਰ ਦਿਤੇ ਹਨ ਤੇ ਬਹੁਤ ਸਾਰੇ ਕੱਚੇ ਨਾਗਰਿਕਾਂ ਨੂੰ ਹੁਣ ਉਨ੍ਹਾਂ ਦੇ ਦੇਸ਼ਾਂ ’ਚ ਵਾਪਸ ਭੇਜਿਆ ਜਾ ਰਿਹਾ ਹੈ। ਉਸ ਕਾਰਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਪ੍ਰਤੀ ਡਾਢਾ ਰੋਹ ਤੇ ਰੋਸ ਹੈ।
ਕੈਨੇਡਾ ਦੀਆਂ ਅੱਧੀ ਦਰਜਨ ਇਮੀਗ੍ਰੇਸ਼ਨ ਫ਼ਰਮਾਂ ਨੇ ਸਰਕਾਰ ਨੂੰ ਇਹ ਜਾਣਕਾਰੀ ਦਿਤੀ ਹੈ ਕਿ ਇਹ ਭਾਰਤੀ ਨੌਜਵਾਨ (ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ) ਦਰਅਸਲ ਹੁਣ ਕਿਵੇਂ ਨਾ ਕਿਵੇਂ ਕੈਨੇਡੀਅਨ ਪੀਆਰ (ਪਰਮਾਨੈਂਟ ਰੈਜ਼ੀਡੈਂਸੀ) ਲੈਣ ਲਈ ਕਾਹਲੇ ਪਏ ਹੋਏ ਹਨ - ਇਸੇ ਲਈ ਉਹ ਹਰ ਹਰਬਾ ਵਰਤਣਾ ਚਾਹੁੰਦੇ ਹਨ। ਇਸ ਦੇਸ਼ ’ਚ ਪੱਕੇ ਤੌਰ ’ਤੇ ਰਹਿਣਾ ਚਾਹ ਰਹੇ ਇਹ ਨੌਜਵਾਨ ਹੁਣ ‘ਖ਼ਾਲਿਸਤਾਨ ਕਾਰਡ’ ਵਰਤ ਕੇ ਵੇਖਣਾ ਚਾਹੁੰਦੇ ਹਨ ਕਿ ਤਾਂ ਜੋ ਉਨ੍ਹਾਂ ਨੂੰ ਕਿਵੇਂ ਨਾ ਕਿਵੇਂ ਕੈਨੇਡੀਅਨ ਪੀਆਰ ਮਿਲ ਸਕੇ। ਬੀਤੇ ਦਿਨੀਂ ਟੋਰਾਂਟੋ ਤੇ ਵੈਨਕੂਵਰ ’ਚ ਖ਼ਾਲਿਸਤਾਨ-ਪੱਖੀ ਪ੍ਰਦਰਸ਼ਨ ਹੋਏ ਹਨ, ਜਿਨ੍ਹਾਂ ’ਚ ਵੱਡੇ ਇਕੱਠੇ ਵੇਖੇ ਗਏ ਹਨ। (ਏਜੰਸੀ)