ਉਪ ਰਾਸ਼ਟਰਪਤੀ ਵਾਂਸ ਦੇ ਮਤਰਏ ਭਰਾ ਨੂੰ ਹਰਾਇਆ
ਨਿਊਯਾਰਕ : ਅਮਰੀਕੀ ਸੂਬੇ ਓਹੀਓ ਦੇ ਸਿਨਸਿਨਾਟੀ ਵਿਚ ਭਾਰਤੀ ਮੂਲ ਦੇ ਆਫ਼ਤਾਬ ਪੁਰੇਵਾਲ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ ਦੇ ਮਤਰਏ ਭਰਾ ਕੋਰੀ ਬੋਮੈਨ ਨੂੰ ਹਰਾ ਕੇ ਦੂਜੀ ਵਾਰ ਮੇਅਰ ਦੀ ਚੋਣ ਵਿਚ ਜਿੱਤ ਪ੍ਰਾਪਤ ਕੀਤੀ ਹੈ।
ਫੌਕਸ ਨਿਊਜ਼ ਦੀ ਰੀਪੋਰਟ ਅਨੁਸਾਰ ਪੁਰੇਵਾਲ ਦੀ ਮੰਗਲਵਾਰ ਦੀ ਜਿੱਤ ਨੇ ਸਿਨਸਿਨਾਟੀ ਦੀ ਸਥਾਨਕ ਸਰਕਾਰ ਉਤੇ ਡੈਮੋਕ੍ਰੇਟਸ ਦੇ ਕੰਟਰੋਲ ਨੂੰ ਮਜ਼ਬੂਤ ਕੀਤਾ ਹੈ ਅਤੇ ਓਹੀਓ ਦੀ ਸਿਆਸਤ ਵਿਚ ਪੁਰੇਵਾਲ ਦੇ ਕੱਦ ਨੂੰ ਹੋਰ ਵਧਾ ਦਿਤਾ ਹੈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸਾਬਕਾ ਵਿਸ਼ੇਸ਼ ਸਹਾਇਕ ਯੂ.ਐਸ. ਅਟਾਰਨੀ 43 ਸਾਲ ਦੇ ਪੁਰੇਵਾਲ ਨੇ ਲਗਭਗ 66 ਫ਼ੀ ਸਦੀ ਵੋਟਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ 2021 ਵਿਚ ਮੇਅਰ ਬਣੇ ਸਨ।
ਪੁਰੇਵਾਲ ਦੀ ਤਿੱਬਤੀ ਮਾਂ ਬਚਪਨ ਵਿਚ ਕਮਿਊਨਿਸਟ ਚੀਨੀ ਕਬਜ਼ੇ ਤੋਂ ਭੱਜ ਗਈ ਸੀ ਅਤੇ ਇਕ ਦਖਣੀ ਭਾਰਤੀ ਸ਼ਰਨਾਰਥੀ ਕੈਂਪ ਵਿਚ ਵੱਡੀ ਹੋਈ। ਜਦਕਿ ਉਸ ਦਾ ਪਿਤਾ ਇਕ ਪੰਜਾਬੀ ਹੈ। ਪੁਰੇਵਾਲ ਨੇ ਅਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 2015 ਵਿਚ ਕੀਤੀ ਸੀ, ਜਦੋਂ ਉਨ੍ਹਾਂ ਹੈਮਿਲਟਨ ਕਾਉਂਟੀ ਕਲਰਕ ਆਫ਼ ਕੋਰਟਸ ਲਈ ਚੋਣ ਲੜੀ ਸੀ।
