
3 ਪੰਜਾਬੀਆਂ ਨੇ ਵੀ ਹਾਸਲ ਕੀਤੀ ਜਿੱਤ
ਮੈਨੀਟੋਬਾ: ਪੰਜਾਬੀ ਮੂਲ ਦੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਕੈਨੇਡਾ ਦੇ ਸੂਬੇ ਮੈਨੀਟੋਬਾ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰਾਂ ਨੇ ਵਿਧਾਨ ਸਭਾ ਦੀਆਂ 57 ਵਿਚੋਂ 34 ਸੀਟਾਂ ਜਿੱਤੀਆਂ ਹਨ।
Canada: NDP wins Manitoba elections
ਇਨ੍ਹਾਂ ਵਿਚ ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਵੀ ਸ਼ਾਮਲ ਹਨ। ਇਸ ਦੌਰਾਨ ਜਿਥੇ ਦਿਲਜੀਤ ਬਰਾੜ ਬੁਰੋਜ਼ ਵਿਧਾਨ ਸਭਾ ਸੀਟ ਤੋਂ ਜਿੱਤੇ, ਉਥੇ ਹੀ ਮਿੰਟੂ ਸੰਧੂ (ਸੁਖਜਿੰਦਰ ਪਾਲ) ਅਤੇ ਜਸਦੀਪ ਦੇਵਗਨ ਕ੍ਰਮਵਾਰ ਦ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਚੁਣੇ ਗਏ।
ਇਹ ਤਿੰਨੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ, ਜਿਸ ਨੇ ਬਹੁਮਤ ਹਾਸਲ ਕੀਤਾ ਹੈ। ਹੁਣ ਸੂਬੇ ਵਿਚ ਐਨਡੀਪੀ ਦੀ ਸਰਕਾਰ ਬਣੇਗੀ। ਇਸ ਦੌਰਾਨ ਬਰਾੜ ਤੇ ਸੰਧੂ ਵੀ ਕੈਬਨਿਟ ਅਹੁਦੇ ਦੀ ਦੌੜ ਵਿਚ ਹਨ। ਪੰਜਾਬੀ ਮੂਲ ਦੇ ਕੁੱਲ ਨੌਂ ਪਰਵਾਸੀ ਭਾਰਤੀ ਚੋਣ ਮੈਦਾਨ ਵਿਚ ਸਨ। ਇਸ ਤੋਂ ਪਹਿਲਾਂ 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਨੇਡਾ ਦੇ ਮੈਨੀਟੋਬਾ ਤੋਂ ਦੋ ਪੰਜਾਬੀਆਂ ਦਲਜੀਤ ਬਰਾੜ ਅਤੇ ਮਿੰਟੂ ਸੰਧੂ ਨੇ ਚੋਣ ਜਿੱਤੀ ਸੀ।
ਮੁਕਤਸਰ ਜ਼ਿਲ੍ਹੇ ਦੇ ਪਿੰਡ ਭੰਗਚੜੀ ਦੇ ਰਹਿਣ ਵਾਲੇ ਦਿਲਜੀਤ ਬਰਾੜ ਸਿੱਖਿਆ ਸ਼ਾਸਤਰੀ ਪ੍ਰਵਾਰ ਨਾਲ ਸਬੰਧਤ ਹਨ। ਦਿਲਜੀਤ ਅਪਣੀ ਪਤਨੀ ਨਵਨੀਤ ਕੌਰ ਨਾਲ 2010 ਵਿਚ ਕੈਨੇਡਾ ਆਏ ਸੀ ਅਤੇ ਵਿਨੀਪੈਗ ਵਿਚ ਸੈਟਲ ਹਨ। ਇਹ ਦੋਵੇਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ 2018 ਤਕ ਮੈਨੀਟੋਬਾ ਖੇਤੀਬਾੜੀ ਵਿਭਾਗ ਵਿਚ ਵੀ ਕੰਮ ਕੀਤਾ।
ਮਿੰਟੂ ਸੰਧੂ 1989 ਵਿਚ 16 ਸਾਲ ਦੀ ਉਮਰ ਵਿਚ ਅਪਣੇ ਮਾਤਾ-ਪਿਤਾ ਨਾਲ ਕੈਨੇਡਾ ਗਏ ਸੀ ਅਤੇ ਪਿਛਲੇ 34 ਸਾਲਾਂ ਤੋਂ ਦ ਮੈਪਲਜ਼ ਵਿਚ ਰਹਿ ਰਹੇ ਹਨ। ਉਹ 18 ਸਾਲਾਂ ਤੋਂ ਅਪਣਾ ਗੈਸ ਸਟੇਸ਼ਨ ਚਲਾ ਰਹੇ ਹਨ। ਮਿੰਟੂ ਨੇ ਮੈਨੀਟੋਬਾ ਵਿਚ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿਚ ਮਦਦ ਕਰਨ ਲਈ ਵੀ ਕੰਮ ਕੀਤਾ ਅਤੇ ਮੈਨੀਟੋਬਾ ਇਨਫਰਾਸਟਰਚਰ ਦੇ ਮੋਟਰ ਟਰਾਂਸਪੋਰਟ ਬੋਰਡ ਵਿਚ ਅਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਈ ਨੌਕਰੀਆਂ ਦੇ ਮੌਕੇ ਪੈਦਾ ਕੀਤੇ।